ਨਵੀਂ ਦਿੱਲੀ, 31 ਦਸੰਬਰ
ਆਮਦਨ ਕਰ ਵਿਭਾਗ ਨੇ ਅੱਜ ਉੱਤਰ ਪ੍ਰਦੇਸ਼ ਦੇ ਇਤਰ ਕਾਰੋਬਾਰੀਆਂ ਦੇ ਕਈ ਟਿਕਾਣਿਆਂ ’ਤੇ ਛਾਪੇ ਮਾਰੇ ਜਿਨ੍ਹਾਂ ਵਿੱਚ ਸਮਾਜਵਾਦੀ ਪਾਰਟੀ (ਸਪਾ) ਦੇ ਕਨੌਜ ਤੋਂ ਐੱਮਐੱਲਸੀ ਦੇ ਟਿਕਾਣੇ ਵੀ ਸ਼ਾਮਲ ਹਨ।
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਇਹ ਕਾਰਵਾਈ ਟੈਕਸ ਚੋਰੀ ਦੀ ਜਾਂਚ ਦੇ ਸਿਲਸਿਲੇ ’ਚ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਨੌਜ, ਕਾਨਪੁਰ, ਕੌਮੀ ਰਾਜਧਾਨੀ ਖੇਤਰ (ਐੱਨਸੀਆਰ), ਸੂਰਤ, ਮੁੰਬਈ ਤੇ ਕੁਝ ਹੋਰ ਥਾਵਾਂ ’ਤੇ ਛਾਪੇ ਮਾਰੇ ਜਾ ਰਹੇ ਹਨ। ਵਿਭਾਗ ਵੱਲੋਂ ਕਰੀਬ 30 ਤੋਂ 40 ਥਾਵਾਂ ’ਤੇ ਇਹ ਕਾਰਵਾਈ ਕੀਤੀ ਗਈ ਹੈ। ਸੂਤਰਾਂ ਨੇ ਦੱਸਿਆ ਕਿ ਦੱਖਣੀ ਦਿੱਲੀ ਦੀ ਨਿਊ ਫਰੈਂਡਜ਼ ਕਲੋਨੀ ਦੀ ਰਿਹਾਇਸ਼ੀ ਇਮਾਰਤ ਤੇ ਮੁੰਬਈ ਸਥਿਤ ਕਰੀਬ ਇੱਕ ਦਰਜਨ ਥਾਵਾਂ ’ਤੇ ਸਵੇਰੇ ਛਾਪੇ ਮਾਰੇ ਗਏ ਅਤੇ ਇਸ ਦੌਰਾਨ ਪੁਲੀਸ ਨੇ ਸੁਰੱਖਿਆ ਪ੍ਰਦਾਨ ਕੀਤੀ। ਸਮਾਜਵਾਦੀ ਪਾਰਟੀ (ਸਪਾ) ਨੇ ਆਪਣੇ ਟਵਿੱਟਰ ਹੈਂਡਲ ’ਤੇ ਇੱਕ ਟਵੀਟ ’ਚ ਦਾਅਵਾ ਕੀਤਾ ਕਿ ਕੰਨੌਜ ’ਚ ਉਸ ਦੇ ਐੱਮਐੱਲਸੀ ਪੁਸ਼ਪਰਾਜ ਉਰਫ਼ ਪੰਪੀ ਜੈਨ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਗਏ ਹਨ। -ਪੀਟੀਆਈ
ਸਪਾ ਨੂੰ ਬਦਨਾਮ ਕਰ ਰਹੀ ਹੈ ਭਾਜਪਾ: ਅਖਿਲੇਸ਼
ਕਨੌਜ(ਯੂਪੀ): ਇਤਰ ਵਪਾਰੀ ਤੇ ਯੂਪੀ ਵਿਧਾਨ ਪ੍ਰੀਸ਼ਦ ਵਿੱਚ ਸਪਾ ਮੈਂਬਰ ਪੁਸ਼ਪਰਾਜ ਜੈਨ ਦੇ ਟਿਕਾਣਿਆਂ ’ਤੇ ਮਾਰੇ ਛਾਪਿਆਂ ਦੇ ਹਵਾਲੇ ਨਾਲ ਸਪਾ ਆਗੂ ਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਅੱਜ ਕਿਹਾ ਕਿ ਭਾਜਪਾ ਆਮਦਨ ਕਰ ਤੇ ਐੱਨਫੋਰਸਮੈਂਟ ਡਾਇਰੈਕਟੋਰੇਟ ਨਾਲ ਮਿਲ ਕੇ ਉਨ੍ਹਾਂ ਦੀ ਪਾਰਟੀ ਨੂੰ ਬਦਨਾਮ ਕਰ ਰਹੀ ਹੈ। ਯਾਦਵ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਪਿਊਸ਼ ਜੈਨ ਨਾਲ ਕੋਈ ਸਬੰਧ ਨਹੀਂ ਹੈ ਤੇ ਇਹ ਇਤਰ ਵਪਾਰੀ ਭਾਜਪਾ ਦੇ ਕਾਫ਼ੀ ਨੇੜੇ ਹੈ। -ਪੀਟੀਆਈ
ਬਰਾਮਦ ਹੋਇਆ ਪੈਸਾ ਭਾਜਪਾ ਦਾ ਨਹੀਂ: ਸੀਤਾਰਾਮਨ
ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਇਤਰ ਕਾਰੋਬਾਰੀ ਪਿਊਸ਼ ਜੈਨ ਦੇ ਟਿਕਾਣਿਆਂ ’ਤੇ ਛਾਪਿਆਂ ਦੌਰਾਨ ਬਰਾਮਦ ਹੋਈ 200 ਕਰੋੜ ਰੁਪਏ ਦੀ ਨਕਦੀ ਭਾਰਤੀ ਜਨਤਾ ਪਾਰਟੀ ਦੀ ਨਹੀਂ ਹੈ। ਉਨ੍ਹਾਂ ਕਿਹਾ ਕਿ ਛਾਪੇ ਮਾਰਨ ਦੀ ਇਹ ਕਾਰਵਾਈ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਕੀਤੀ ਗਈ ਸੀ। ਛਾਪਿਆਂ ਦੀ ਕਾਰਵਾਈ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਣ ਸਬੰਧੀ ਵਿਰੋਧੀ ਧਿਰ ਦੇ ਦੋਸ਼ਾਂ ਨੂੰ ਖਾਰਜ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੁੰਦਾ ਤਾਂ ਆਮਦਨ ਕਰ ਅਧਿਕਾਰੀ ਕਾਰਵਾਈ ਮਗਰੋਂ ਖਾਲੀ ਹੱਥ ਮੁੜਦੇ। -ਪੀਟੀਆਈ