ਨਵੀਂ ਦਿੱਲੀ, 6 ਸਤੰਬਰ
ਕਿਸਾਨਾਂ ਦੇ ਅੰਦੋਲਨ ਦੇ ਮੁੱਦੇ ਉਤੇ ਰਾਹੁਲ ਗਾਂਧੀ ਉਤੇ ਨਿਸ਼ਾਨਾ ਸੇਧਦਿਆਂ ਭਾਜਪਾ ਨੇ ਕਾਂਗਰਸ ਆਗੂ ਨੂੰ ਭਾਰਤੀ ਰਾਜਨੀਤੀ ਦਾ ‘ਸਿਆਸੀ ਕੁਕੂ’ ਕਰਾਰ ਦਿੱਤਾ। ਭਾਜਪਾ ਨੇ ਦੋਸ਼ ਲਾਇਆ ਕਿ ਰਾਹੁਲ ਗਾਂਧੀ ਖ਼ੁਦ ਜ਼ਮੀਨੀ ਪੱਧਰ ’ਤੇ ਕੰਮ ਨਹੀਂ ਕਰਨਾ ਚਾਹੁੰਦੇ ਤੇ ਆਪਣੇ ਸਿਆਸੀ ਏਜੰਡੇ ਲਈ ਦੂਜਿਆਂ ਦਾ ਮੋਢਾ ਵਰਤਦੇ ਹਨ। ਪਾਰਟੀ ਦੇ ਬੁਲਾਰੇ ਸੰਬਿਤ ਪਾਤਰਾ ਨੇ ਨਾਲ ਹੀ ਦੋਸ਼ ਲਾਇਆ ਕਿ ਕਾਂਗਰਸ ਆਗੂ ਨੇ ਐਤਵਾਰ ਦੀ ਮੁਜ਼ੱਫ਼ਰਨਗਰ ਮਹਾਪੰਚਾਇਤ ਦੀ ਗਲਤ ਫੋਟੋ ਪੋਸਟ ਕੀਤੀ ਹੈ ਤੇ ਇਹ ਇਕ ਪੁਰਾਣੇ ਇਕੱਠ ਦੀ ਫੋਟੋ ਸੀ। ਪਾਤਰਾ ਨੇ ਕਿਹਾ ਕਿ ਇਹ ਸਭ ਰਾਹੁਲ ਦੀ ਲੋਕਾਂ ਨੂੰ ‘ਗੁਮਰਾਹ ਕਰਨ ਵਾਲੀ ਤੇ ਝੂਠ ਫੈਲਾਉਣ ਵਾਲੀ ਸਿਆਸਤ ਦਾ ਹੀ ਹਿੱਸਾ ਹੈ।’ ਭਾਜਪਾ ਨੇ ਇਕ ਮੀਡੀਆ ਕਾਨਫਰੰਸ ਵਿਚ ਕਿਹਾ ਕਿ ਕਾਂਗਰਸ ਕੋਲ ਕੋਈ ਸਥਾਈ ਪ੍ਰਧਾਨ ਨਹੀਂ ਹੈ। ਇਹ ਜ਼ਮੀਨ ਨਾਲ ਜੁੜੇ ਮੁੱਦੇ ਉਠਾਉਣ ਦੇ ਸਮਰੱਥ ਨਹੀਂ ਹੈ। ਇਸੇ ਲਈ ਸੋਨੀਆ ਗਾਂਧੀ ਦੂਜੀਆਂ ਸਿਆਸੀ ਧਿਰਾਂ ਦੇ ਆਗੂਆਂ ਨਾਲ ਵਰਚੁਅਲ ਬੈਠਕਾਂ ਕਰਦੇ ਹਨ। ਜਦਕਿ ਰਾਹੁਲ ਗਾਂਧੀ ਗੁਮਰਾਹਕੁਨ ਸਿਆਸੀ ਪ੍ਰਚਾਰ ਲਈ ਪੁਰਾਣੀਆਂ ਫੋਟੋਆਂ ਵਰਤਦਾ ਹੈ। ਪਾਤਰਾ ਨੇ ਕਿਹਾ ਕਿ ਜਿਸ ਤਰ੍ਹਾਂ ਕੁਕੂ (ਕੋਇਲ) ਆਪਣਾ ਆਲ੍ਹਣਾ ਨਹੀਂ ਬਣਾਉਂਦੀ ਤੇ ਦੂਜੇ ਪੰਛੀਆਂ ਦੇ ਆਲ੍ਹਣਿਆਂ ਵਿਚ ਅਰਾਮ ਭਾਲਦੀ ਹੈ, ਰਾਹੁਲ ਗਾਂਧੀ ਵੀ ਇਸੇ ਤਰ੍ਹਾਂ ਕੰਮ ਕਰਦੇ ਹਨ। ਭਾਜਪਾ ਆਗੂ ਨੇ ਦੋਸ਼ ਲਾਇਆ ਕਿ ਰਾਹੁਲ ਆਪਣੀ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਨਿੱਗਰ ਕਰਨ ’ਤੇ ਜ਼ੋਰ ਨਹੀਂ ਦਿੰਦੇ, ਨਾ ਹੀ ਸਖ਼ਤ ਮਿਹਨਤ ਕਰਦੇ ਹਨ। ਦੂਜਿਆਂ ਦਾ ਮੋਢਾ ਵਰਤ ਕੇ ਸਿਆਸਤ ਕਰਨਾ ਉਨ੍ਹਾਂ ਦੀ ਆਦਤ ਬਣ ਗਈ ਹੈ। ਪਾਤਰਾ ਨੇ ਦਾਅਵਾ ਕੀਤਾ ਕਿ ਮੋਦੀ ਸਰਕਾਰ ਹਮੇਸ਼ਾ ਕਿਸਾਨਾਂ ਨੂੰ ਸਮਰਪਿਤ ਰਹੀ ਹੈ ਤੇ ਅੱਗੇ ਵੀ ਉਨ੍ਹਾਂ ਦੀ ਭਲਾਈ ਲਈ ਕੰਮ ਕਰਦੀ ਰਹੇਗੀ। ਉਨ੍ਹਾਂ ਇਸ ਮੌਕੇ ਸਰਕਾਰ ਵੱਲੋਂ ਚੁੱਕੇ ਗਏ ਕਈ ਕਦਮਾਂ ਦਾ ਹਵਾਲਾ ਵੀ ਦਿੱਤਾ। ਭਾਜਪਾ ਦੇ ਬੁਲਾਰੇ ਨੇ ਟੀਕਾਕਰਨ ਬਾਰੇ ਰਾਹੁਲ ਗਾਂਧੀ ਵੱਲੋਂ ਉਠਾਏ ਸਵਾਲਾਂ ’ਤੇ ਵੀ ਕਾਂਗਰਸ ਆਗੂ ਨੂੰ ਘੇਰਨ ਦਾ ਯਤਨ ਕੀਤਾ। ਉਨ੍ਹਾਂ ਕਿਹਾ ਕਿ ਹੁਣ ਤੇਜ਼ੀ ਨਾਲ ਟੀਕਾਕਰਨ ਹੋ ਰਿਹਾ ਹੈ। ਕਰੀਬ 68.75 ਕਰੋੜ ਲੋਕਾਂ ਦੇ ਟੀਕੇ ਦੀ ਇਕ ਡੋਜ਼ ਲੱਗ ਗਈ ਹੈ। ਸੰਬਿਤ ਪਾਤਰਾ ਨੇ ਕਿਹਾ ਕਿ ਜਦ ਕਾਂਗਰਸ ਦੀ ਸੱਤਾ ਵਾਲੇ ਸੂਬਿਆਂ ਵਿਚ ਕੋਈ ਘਟਨਾ ਵਾਪਰਦੀ ਹੈ ਜਾਂ ਵਿਰੋਧ ਉੱਠਦਾ ਹੈ, ਉਦੋਂ ਰਾਹੁਲ ਗਾਂਧੀ ਮੌਨ ਧਾਰ ਲੈਂਦੇ ਹਨ। -ਪੀਟੀਆਈ