ਕੰਨਿਆਕੁਮਾਰੀ, 8 ਸਤੰਬਰ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪਾਰਟੀ ਦੇ ਹੋਰ ਕਈ ਆਗੂਆਂ ਨਾਲ ਮਿਲ ਕੇ ਇਥੋਂ ‘ਭਾਰਤ ਜੋੜੋ ਯਾਤਰਾ’ ਤਹਿਤ ਅੱਜ ਪੈਦਲ ਮਾਰਚ ਸ਼ੁਰੂ ਕਰ ਦਿੱਤਾ ਹੈ। ਲੋਕਾਂ ਤੱਕ ਪਹੁੰਚ ਬਣਾਉਣ ਅਤੇ ਪਾਰਟੀ ਨੂੰ ਪੈਰਾਂ ਸਿਰ ਖੜ੍ਹਾ ਕਰਨ ਲਈ ਕਾਂਗਰਸ ਨੇ ਇਹ ਚੁਣੌਤੀਪੂਰਨ ਮੁਹਿੰਮ ਵਿੱਢੀ ਹੈ। ਪਦਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਰਾਹੁਲ ਨੇ ਭਾਰਤ ਯਾਤਰੀਆਂ ਦੇ ਕੈਂਪ ਵਾਲੀ ਥਾਂ ’ਤੇ ਕੌਮੀ ਝੰਡਾ ਲਹਿਰਾਇਆ। ਇਸ ਮਗਰੋਂ ਰਾਹੁਲ ਨੇ ਅਗਸਤੀਸਵਰਮ ਤੋਂ 118 ਭਾਰਤ ਯਾਤਰੀਆਂ ਨਾਲ ਪਦਯਾਤਰਾ ਸ਼ੁਰੂ ਕਰ ਦਿੱਤੀ। ਇਹ ਮਾਰਚ 12 ਸੂਬਿਆਂ ਅਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚੋਂ ਗੁਜ਼ਰਦਾ ਹੋਇਆ ਕਰੀਬ 3570 ਕਿਲੋਮੀਟਰ ਦਾ ਸਫ਼ਰ ਕਰੀਬ ਪੰਜ ਮਹੀਨਿਆਂ ’ਚ ਤੈਅ ਕਰੇਗਾ। ਇਸ ਦੌਰਾਨ ਜੈਰਾਮ ਰਮੇਸ਼ ਨੇ ਦੱਸਿਆ ਕਿ ਰਾਹੁਲ ਗਾਂਧੀ ਸਮੇਤ 230 ਯਾਤਰੀ ਟਰੱਕਾਂ ’ਤੇ ਸਥਿਤ ਕੰਟੇਨਰਾਂ ਵਿੱਚ ਰਾਤਾਂ ਗੁਜ਼ਾਰਨਗੇ। ਉਨ੍ਹਾਂ ਕਿਹਾ ਕਿ ਭਾਰਤ ਜੋੜੋ ਯਾਤਰਾ ਕਾਂਗਰਸ ਲਈ ਸੰਜੀਵਨੀ ਸਾਬਿਤ ਹੋਵੇਗੀ ਅਤੇ ਪਾਰਟੀ ਨਵੇਂ ਹਮਲਾਵਰ ਅਵਤਾਰ ’ਚ ਨਜ਼ਰ ਆਵੇਗੀ। ਸਵੇਰੇ ਯਾਤਰਾ ’ਚ ਹਿੱਸਾ ਲੈਣ ਮਗਰੋਂ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਦੀ ਆਲੋਚਨਾ ਤੋਂ ਪਤਾ ਲਗਦਾ ਹੈ ਕਿ ਉਹ ਭਾਰਤ ਜੋੜੋ ਯਾਤਰਾ ਤੋਂ ਹਿਲ ਗਈ ਹੈ। ਉਨ੍ਹਾਂ ਕਿਹਾ,‘‘ਕਾਂਗਰਸ ਭਾਵੇਂ ਸੱਤਾ ’ਚ ਨਹੀਂ ਹੈ ਪਰ ਉਸ ਦੀ ਮੌਜੂਦਗੀ ਹਰੇਕ ਮੁਹੱਲੇ, ਪਿੰਡ ਅਤੇ ਨਗਰ ’ਚ ਦਿਖਾਈ ਦਿੰਦੀ ਹੈ।’’ ਪਾਰਟੀ ਨੇ ਸਵੇਰ ਦੇ ਸਮੇਂ 13 ਕਿਲੋਮੀਟਰ ਦਾ ਸਫ਼ਰ ਪੂਰਾ ਕੀਤਾ ਅਤੇ ਆਗੂਆਂ ਨੂੰ ਸੁਚਿੰਦਰਮ ਪਹੁੰਚਣ ’ਚ ਕਰੀਬ ਤਿੰਨ ਘੰਟੇ ਲੱਗ ਗਏ। ਜੈਰਾਮ ਰਮੇਸ਼ ਨੇ ਕਿਹਾ ਕਿ ਇਹ ਵਧੀਆ ਸ਼ੁਰੂਆਤ ਹੈ ਅਤੇ ਯਾਤਰਾ ਦੇਰੀ ਨਾਲ ਸ਼ੁਰੂ ਹੋਣ ਕਰਕੇ ਉਹ 15 ਕਿਲੋਮੀਟਰ ਦਾ ਸਫ਼ਰ ਪੂਰਾ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਭਲਕੇ ਸਵੇਰੇ ਕਰੀਬ 15 ਅਤੇ ਸ਼ਾਮ ਨੂੰ 8 ਕਿਲੋਮੀਟਰ ਦਾ ਸਫ਼ਰ ਪੂਰਾ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਰਾਹੁਲ ਨੇ ਬੁੱਧਵਾਰ ਨੂੰ ‘ਭਾਰਤ ਜੋੜੋ ਯਾਤਰਾ’ ਦਾ ਆਗਾਜ਼ ਕਰਦਿਆਂ ਕਿਹਾ ਸੀ ਕਿ ਦੇਸ਼ ਨੂੰ ਨਫ਼ਰਤ ਹਵਾਲੇ ਨਹੀਂ ਕੀਤਾ ਜਾਵੇਗਾ ਅਤੇ ਭਾਜਪਾ ਤੇ ਸੰਘ ਉਪਰ ਦੋਸ਼ ਲਾਇਆ ਸੀ ਕਿ ਉਹ ਦੇਸ਼ ਨੂੰ ਧਰਮ ਦੇ ਆਧਾਰ ’ਤੇ ਵੰਡਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਇਹ ਯਾਤਰਾ 11 ਸਤੰਬਰ ਨੂੰ ਕੇਰਲਾ ਦਾਖ਼ਲ ਹੋਵੇਗੀ ਅਤੇ 18 ਦਿਨਾਂ ਮਗਰੋਂ 30 ਸਤੰਬਰ ਨੂੰ ਕਰਨਾਟਕ ਪਹੁੰਚੇਗੀ। ਇਹ ਯਾਤਰਾ ਤਿਰੂਵਨੰਤਪੁਰਮ, ਕੋਚੀ, ਨਿਲਾਂਬਰ, ਮੈਸੂਰੇ ਬੇਲਾਰੀ, ਰਾਇਚੂਰ, ਨਾਂਦੇੜ, ਜਲਗਾਉਂ, ਇੰਦੌਰ, ਕੋਟਾ, ਦੌਸਾ, ਅਲਵਰ, ਬੁਲੰਦਸ਼ਹਿਰ, ਦਿੱਲੀ, ਅੰਬਾਲਾ, ਪਠਾਨਕੋਟ, ਜੰਮੂ ਤੋਂ ਹੁੰਦੀ ਹੋਈ ਸ੍ਰੀਨਗਰ ’ਚ ਮੁਕੰਮਲ ਹੋਵੇਗੀ। -ਪੀਟੀਆਈ
ਰਾਹੁਲ ਵੱਲੋਂ ਖੁਦਕੁਸ਼ੀ ਕਰ ਚੁੱਕੀ ਵਿਦਿਆਰਥਣ ਦੇ ਪਰਿਵਾਰ ਨਾਲ ਮੁਲਾਕਾਤ
ਕੰਨਿਆਕੁਮਾਰੀ: ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਦੌਰਾਨ ਵੀਰਵਾਰ ਨੂੰ ਐੱਸ ਅਨੀਤਾ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਜਿਸ ਨੇ ਪੰਜ ਸਾਲ ਪਹਿਲਾਂ ਨੀਟ ’ਚ ਨਾਕਾਮ ਰਹਿਣ ’ਤੇ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ ਸੀ। ਤਾਮਿਲ ਨਾਡੂ ਦੇ ਕਰੂਰ ਤੋਂ ਕਾਂਗਰਸ ਦੀ ਸੰਸਦ ਮੈਂਬਰ ਐੱਸ ਜੋਤੀਮਣੀ ਨੇ ਅਨੀਤਾ ਦੇ ਪਰਿਵਾਰ ਨਾਲ ਰਾਹੁਲ ਗਾਂਧੀ ਦੀ ਮੁਲਾਕਾਤ ਦੀ ਤਸਵੀਰ ਟਵੀਟ ਕੀਤੀ ਹੈ। ਆਪਣੀ ਭੈਣ ਦੀ ਮੌਤ ਨੂੰ ਲੈ ਕੇ ਅਨੀਤਾ ਦੇ ਭਰਾ ਐੱਸ ਮਣੀਰਤਨਮ ਨੇ ਕਿਹਾ ਕਿ ਕੌਮੀ ਦਾਖ਼ਲਾ ਕਮ ਯੋਗਤਾ ਪ੍ਰੀਖਿਆ (ਨੀਟ) ਕਾਰਨ ਉਨ੍ਹਾਂ ਦਾ ਪਰਿਵਾਰ ਨਿੱਜੀ ਤੌਰ ’ਤੇ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਤਾਮਿਲ ਚੈਨਲ ਨੂੰ ਕਿਹਾ ਕਿ ਰਾਹੁਲ ਗਾਂਧੀ ਨੇ ਭਾਰਤ ਅਤੇ ਸੰਵਿਧਾਨ ਦੀ ਰੱਖਿਆ ਲਈ ਪੈਦਲ ਯਾਤਰਾ ਸ਼ੁਰੂ ਕੀਤੀ ਹੈ। ਇਹ ਯਾਤਰਾ ਸਾਰੇ ਪ੍ਰਭਾਵਿਤ ਲੋਕਾਂ ਲਈ ਹੈ। ਮਣੀਰਤਨਮ ਨੇ ਕਿਹਾ ਕਿ ਕਾਂਗਰਸ ਆਗੂ ਨੇ ਬੜੇ ਧਿਆਨ ਨਾਲ ਉਨ੍ਹਾਂ ਦੇ ਦਰਦ ਨੂੰ ਸੁਣਿਆ ਅਤੇ ਉਹ ਯਾਤਰਾ ’ਚ ਸ਼ਾਮਲ ਹੋਣਗੇ। -ਪੀਟੀਆਈ