ਚੇਨੱਈ/ਰਾਏਪੁਰ, 17 ਜੂਨ
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਗਲਵਾਨ ਵਾਦੀ ’ਚ ਸ਼ਹੀਦ ਹੋਏ ਫ਼ੌਜੀ ਜਵਾਨ ਤਿਰੂ ਕੇ. ਪਲਾਨੀ ਦੀ ਪਤਨੀ ਨੂੰ ਪੱਤਰ ਲਿਖ ਕੇ ਉਨ੍ਹਾਂ ਨੂੰ ਕੌਮੀ ਨਾਇਕ ਦੱਸਿਆ ਹੈ। ਰਾਹੁਲ ਨੇ ਕਿਹਾ ਕਿ ਦੇਸ਼ ਉਨ੍ਹਾਂ ਦੇ ਬਲਿਦਾਨ ਅੱਗੇ ਸਿਰ ਝੁਕਾਉਂਦਾ ਹੈ। ਭਾਰਤੀ ਫ਼ੌਜ ਦੇ ਸ਼ਹੀਦ ਹੌਲਦਾਰ ਕੇ. ਪਲਾਨੀ ਦੀ ਪਤਨੀ ਵਨਤੀ ਦੇਵੀ ਨੂੰ ਲਿਖੇ ਪੱਤਰ ਵਿਚ ਕਾਂਗਰਸੀ ਆਗੂ ਨੇ ਕਿਹਾ ਕਿ ਜਵਾਨ ਨੇ ਆਪਣੀ ਜ਼ਿੰਦਗੀ ਮੁਲਕ ਦੇ ਲੇਖੇ ਲਾ ਦਿੱਤੀ ਤਾਂ ਕਿ ਹਰੇਕ ਭਾਰਤੀ ਸ਼ਾਂਤੀ ਤੇ ਆਜ਼ਾਦੀ ਨਾਲ ਜੀਵਨ ਬਸਰ ਕਰ ਸਕੇ। ਮੁਲਕ ਉਨ੍ਹਾਂ ਦੇ ਦੇਸ਼ਭਗਤੀ ਦੇ ਜਜ਼ਬੇ ਨੂੰ ਕਦੇ ਨਹੀਂ ਵਿਸਾਰ ਸਕੇਗਾ। ਪਲਾਨੀ ਕੌਮੀ ਨਾਇਕ ਹਨ ਤੇ ਸਾਨੂੰ ਇਸ ਨੁਕਸਾਨ ਦਾ ਅਫ਼ਸੋਸ ਹੈ। ਰਾਹੁਲ ਨੇ ਇਸ ਤ੍ਰਾਸਦੀ ਨੂੰ ਸਹਿਣ ਕਰ ਰਹੀ ਸ਼ਹੀਦ ਦੀ ਪਤਨੀ ਤੇ ਬਾਕੀ ਪਰਿਵਾਰ ਦੇ ਹੌਸਲੇ ਨੂੰ ਵੀ ਸਲਾਮ ਕੀਤਾ। ਪਲਾਨੀ ਤਾਮਿਲਨਾਡੂ ਦੇ ਰਾਮਨਾਥਪੁਰਮ ਜ਼ਿਲ੍ਹੇ ਨਾਲ ਸਬੰਧਤ ਸਨ। ਗਲਵਾਨ (ਲੱਦਾਖ) ਵਿਚ ਸ਼ਹੀਦ ਹੋਣ ਵਾਲੇ ਛੱਤੀਸਗੜ੍ਹ ਨਾਲ ਸਬੰਧਤ 27 ਸਾਲਾ ਭਾਰਤੀ ਫ਼ੌਜ ਦੇ ਸਿਪਾਹੀ ਗਣੇਸ਼ ਰਾਮ ਕੁੰਜਮ ਦਾ ਅਗਲੇ ਵਰ੍ਹੇ ਵਿਆਹ ਰੱਖਿਆ ਹੋਇਆ ਸੀ। ਕੰਕਰ ਜ਼ਿਲ੍ਹੇ ਵਿਚ ਉਨ੍ਹਾਂ ਦੇ ਪਿੰਡ ਵਿਚ ਸੋਗ ਦਾ ਮਾਹੌਲ ਹੈ ਪਰ ਪਰਿਵਾਰ ਨੂੰ ਕੁੰਜਮ ਵੱਲੋਂ ਦੇਸ਼ ਲਈ ਦਿੱਤੀ ਸ਼ਹੀਦੀ ਉਤੇ ਮਾਣ ਹੈ। ਉਹ 12ਵੀਂ ਕਰਨ ਮਗਰੋਂ 2011 ਵਿਚ ਫ਼ੌਜ ’ਚ ਭਰਤੀ ਹੋਇਆ ਸੀ। -ਪੀਟੀਆਈ
ਡਾਕਟਰਾਂ ਨੂੰ ਤਨਖਾਹਾਂ ਦੇਣ ਲਈ ਕੇਂਦਰ ਸੂਬਿਆਂ ਨੂੰ ਨਿਰਦੇਸ਼ ਦੇਵੇ: ਸੁਪਰੀਮ ਕੋਰਟ
ਨਵੀਂ ਦਿੱਲੀ, 17 ਜੂਨ
ਸੁਪਰੀਮ ਕੋਰਟ ਨੇ ਅੱਜ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਕੋਵਿਡ-19 ਪੀੜਤਾਂ ਦੇ ਇਲਾਜ ’ਚ ਲੱਗੇ ਡਾਕਟਰਾਂ ਨੂੰ ਤਨਖਾਹਾਂ ਤੇ ਜ਼ਰੂਰੀ ਇਕਾਂਤਵਾਸ ਸਹੂਲਤਾਂ ਦਿਵਾਉਣ ਲਈ ਸੂਬਾ ਸਰਕਾਰਾਂ ਨੂੰ ਨਿਰਦੇਸ਼ ਦੇਵੇ। ਸਰਕਾਰ ਨੇ ਅਦਾਲਤ ਨੂੰ ਇਸ ਸਬੰਧੀ ਨਿਰਦੇਸ਼ ਜਾਰੀ ਕਰਨ ਦਾ ਭਰੋਸਾ ਦਿੱਤਾ ਹੈ।
ਤਿੰਨਾਂ ਜੱਜਾਂ ਜਸਟਿਸ ਅਸ਼ੋਕ ਭੂਸ਼ਨ, ਐੱਸ.ਕੇ. ਕੌਲ ਅਤੇ ਐੱਮ.ਆਰ. ਸ਼ਾਹ ਦੇ ਬੈਂਚ ਨੇ ਕਿਹਾ ਕਿ ਕਰੋਨਾ ਪੀੜਤ ਮਰੀਜ਼ਾਂ ਦਾ ਇਲਾਜ ਕਰ ਰਹੇ ਡਾਕਟਰਾਂ ਤੇ ਸਿਹਤ ਵਰਕਰਾਂ ਲਈ ਇਕਾਂਤਵਾਸ ਸਹੂੁਲਤ ਤੋਂ ਨਾਂਹ ਨਹੀ ਕੀਤੀ ਜਾਣੀ ਚਾਹੀਦੀ। ਬੈਂਚ ਨੇ ਕੇਂਦਰ ਨੂੰ ਹਦਾਇਤ ਕੀਤੀ ਕਿ ਡਾਕਟਰਾਂ ਅਤੇ ਸਿਹਤ ਵਰਕਰਾਂ ਨੂੰ ਤਨਖਾਹਾਂ ਦੀ ਅਦਾਇਗੀ ਅਤੇ ਇਕਾਂਤਵਾਸ ਸਹੂੁਲਤਾਂ ਸਬੰਧੀ ਰਿਪੋਰਟ ਚਾਰ ਹਫਤਿਆਂ ਅੰਦਰ ਅਦਾਲਤ ’ਚ ਦਾਖ਼ਲ ਕੀਤੀ ਜਾਵੇ ਅਤੇ ਇਸ ਦੀ ਪਾਲਣਾ ਨਾ ਕਰਨ ਨੂੰ ਗੰਭੀਰਤਾ ਨਾਲ ਲੈਣ ਦੀ ਚਿਤਾਵਨੀ ਵੀ ਦਿੱਤੀ। ਸੁਪਰੀਮ ਕੋਰਟ ਨੇ ਇਹ ਨਿਰਦੇਸ਼ ਪ੍ਰਾਈਵੇਟ ਡਾਕਟਰ ਆਰੂਸ਼ੀ ਜੈਨ ਵੱਲੋਂ ਕੇਂਦਰ ਸਰਕਾਰ ਦੇ 15 ਮਈ ਨੂੰ ਲਏ ਗਏ ਫੈਸਲੇ, ਕਿ ਡਾਕਟਰਾਂ ਲਈ 14 ਦਿਨਾਂ ਦਾ ਇਕਾਂਤਵਾਸ ਜ਼ਰੂਰੀ ਨਹੀਂ, ਨੂੰ ਚੁਣੌਤੀ ਦਿੰਦੀ ਪਟੀਸ਼ਨ ’ਤੇ ਸੁਣਵਾਈ ਦੌਰਾਨ ਦਿੱਤੇ।
ਕੇਂਦਰ ਸਰਕਾਰ ਵੱਲੋਂ ਹਾਜ਼ਰ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਅਦਾਲਤ ਨੂੰ ਕਿਹਾ ਕਿ ਡਾਕਟਰਾਂ ਤੇ ਸਿਹਤ ਵਰਕਰਾਂ ਨੂੰ ਤਨਖਾਹਾਂ ਦੀ ਅਦਾਇਗੀ ਲਈ ਕੇਂਦਰ ਵੱਲੋਂ ਸੂਬਾ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਸਰਕਾਰਾਂ ਨੂੰ 24 ਘੰਟਿਆਂ ਦੇ ਅੰਦਰ ਨਿਰਦੇਸ਼ ਜਾਣਗੇ। ਉਨ੍ਹਾਂ ਕਿਹਾ ਕਿ ਸਿਹਤ ਅਮਲੇ ਲਈ ਇਕਾਂਤਵਾਸ ਜ਼ਰੂਰੀ ਨਹੀਂ, ਸਬੰਧੀ 15 ਮਈ ਨੂੰ ਜਾਰੀ ਸਰਕੁਲਰ ’ਚ ਵੀ ਸੋਧ ਕੀਤੀ ਜਾਵੇਗੀ। -ਪੀਟੀਆਈ