ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਦਸ ਲੱਖ ਭਰਤੀਆਂ ਦੇ ਮੁੱਦੇ ’ਤੇ ਕੇਂਦਰ ਸਰਕਾਰ ਉਤੇ ਵਿਅੰਗ ਕਸਦਿਆਂ ਕਿਹਾ ਕਿ ਇਹ ਸਰਕਾਰ ‘ਜੁਮਲਿਆਂ ਦੀ ਨਹੀਂ ਬਲਕਿ ਮਹਾ ਜੁਮਲਿਆਂ ਦੀ ਸਰਕਾਰ ਹੈ’। ਵਿਰੋਧੀ ਧਿਰ ਨੇ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਰ ਸਾਲ ਦੋ ਕਰੋੜ ਨੌਕਰੀਆਂ ਦੇਣ ਦਾ ਕੀਤਾ ਵਾਅਦਾ ਵੀ ਚੇਤੇ ਕਰਾਇਆ। ਕਾਂਗਰਸ ਨੇ ਪੁੱਛਿਆ ਕਿ ‘ਪ੍ਰਧਾਨ ਮੰਤਰੀ ਦੀ ਜੁਮਲੇਬਾਜ਼ੀ ਕਦੋਂ ਤੱਕ ਜਾਰੀ ਰਹੇਗੀ।’ ਗਾਂਧੀ ਨੇ ਟਵੀਟ ਕੀਤਾ, ‘ਅੱਠ ਸਾਲ ਪਹਿਲਾਂ ਨੌਜਵਾਨਾਂ ਨੂੰ ਹਰ ਸਾਲ ਦੋ ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕਰ ਕੇ ਧੋਖਾ ਕੀਤਾ ਗਿਆ ਸੀ, ਉਸੇ ਢੰਗ ਨਾਲ ਹੁਣ ਦਸ ਲੱਖ ਨੌਕਰੀਆਂ ਦਾ ਵਾਅਦਾ ਕਰ ਕੇ ਕੀਤਾ ਜਾ ਰਿਹਾ ਹੈ।’ ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੌਕਰੀਆਂ ਪੈਦਾ ਕਰਨ ਵਿਚ ਮਾਹਿਰ ਨਹੀਂ ਹਨ, ਪਰ ਨੌਕਰੀਆਂ ਉਤੇ ‘ਖ਼ਬਰਾਂ’ ਬਣਾਉਣ ਵਿਚ ਮਾਹਿਰ ਹਨ। ਇਸੇ ਦੌਰਾਨ ਬਸਪਾ ਮੁਖੀ ਮਾਇਆਵਤੀ ਨੇ ਕੇਂਦਰ ਸਰਕਾਰ ਵੱਲੋਂ ਕੀਤੇ ਗਏ ਭਰਤੀ ਦੇ ਐਲਾਨ ਉਤੇ ਸਵਾਲ ਉਠਾਉਂਦਿਆਂ ਕਿਹਾ ਕਿ ‘ਕੀ ਇਹ ਚੋਣ ਫਰੇਬ’ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਐੱਸਸੀ, ਐੱਸਟੀਜ਼ ਤੇ ਹੋਰ ਪੱਛੜੀਆਂ ਸ਼੍ਰੇਣੀਆਂ ਲਈ ਰਾਖ਼ਵੀਆਂ ਵੱਡੀ ਗਿਣਤੀ ਅਸਾਮੀਆਂ ਸਾਲਾਂ ਤੋਂ ਖਾਲੀ ਪਈਆਂ ਹਨ। -ਪੀਟੀਆਈ