ਨਵੀਂ ਦਿੱਲੀ, 10 ਮਾਰਚ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕੰਪਟਰੋਲਰ ਐਂਡ ਆਡੀਟਰ ਜਨਰਲ (ਕੈਗ) ਦੀਆਂ ਰਿਪੋਰਟਾਂ ’ਚ ਦੇਰੀ ਅਤੇ ਉਨ੍ਹਾਂ ਦੇ ਬਕਾਇਆ ਰਹਿਣ ’ਤੇ ਸਵਾਲ ਉਠਾਏ ਹਨ। ਉਨ੍ਹਾਂ ਆਪਣੇ ਟਵੀਟ ’ਚ ਅੰਗਰੇਜ਼ੀ ਸ਼ਬਦ ‘ਕੇਜਡ’ ਦੀ ਵਰਤੋਂ ਕੀਤੀ ਹੈ ਜਿਸ ਦਾ ਅਰਥ ‘ਪਿੰਜਰੇ ’ਚ ਬੰਦ’ ਹੁੰਦਾ ਹੈ। ਉਨ੍ਹਾਂ ਇਕ ਖਾਕਾ ਵੀ ਨੱਥੀ ਕੀਤਾ ਹੈ ਜਿਸ ’ਚ ਉਨ੍ਹਾਂ ਪਿਛਲੇ ਕੁਝ ਸਾਲਾਂ ਤੋਂ ਆਡਿਟ ਲਈ ਲਏ ਗਏ ਸਮੇਂ ਨੂੰ ਦਰਸਾਇਆ ਹੈ। ਖਾਕੇ ’ਚ ਦੱਸਿਆ ਗਿਆ ਹੈ ਕਿ ਵਿੱਤੀ ਵਰ੍ਹੇ 2017-18 ਅਤੇ 2018-19 ਦੀਆਂ ਕੈਗ ਰਿਪੋਰਟਾਂ ਨੂੰ ਵਿੱਤੀ ਵਰ੍ਹਾ ਖ਼ਤਮ ਹੋਣ ਦੇ 12 ਤੋਂ 18 ਮਹੀਨਿਆਂ ਅਤੇ 18 ਤੋਂ 24 ਮਹੀਨਿਆਂ ਦੇ ਅੰਦਰ ਅੰਤਿਮ ਰੂਪ ਦਿੱਤਾ ਗਿਆ ਜਾਂ ਉਹ ਬਕਾਇਆ ਪਈਆਂ ਹਨ। ਉਂਜ ਰਾਹੁਲ ਨੇ ਖਾਕੇ ਦੇ ਸਰੋਤਾਂ ਦਾ ਕੋਈ ਜ਼ਿਕਰ ਨਹੀਂ ਕੀਤਾ ਹੈ। ਉਧਰ ਮੀਡੀਆ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਕੈਗ ਦੀਆਂ ਰਿਪੋਰਟਾਂ ਦੀ ਗਿਣਤੀ ਬੀਤੇ ਪੰਜ ਸਾਲਾਂ ’ਚ ਬਹੁਤ ਘੱਟ ਗਈ ਹੈ। –
ਪੀਟੀਆਈ