ਨਵੀਂ ਦਿੱਲੀ, 22 ਅਗਸਤ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਰਾਫ਼ਾਲ ਲੜਾਕੂ ਜਹਾਜ਼ ਸੌਦੇ ਸਬੰਧੀ ਸਰਕਾਰ ’ਤੇ ਤਾਜ਼ਾ ਹਮਲਾ ਕੀਤਾ, ਜਿਸ ਦਾ ਕੇਂਦਰੀ ਮੰਤਰੀ ਪਿਯੂਸ਼ ਗੋਇਲ ਨੇ ਮੋੜਵਾਂ ਜਵਾਬ ਦਿੱਤਾ। ਰਾਹੁਲ ਗਾਂਧੀ ਨੇ ਆਪਣੇ ਟਵੀਟ ਵਿੱਚ ਸੂਤਰਾਂ ਆਧਾਰਿਤ ਰਿਪੋਰਟ ਦਾ ਹਵਾਲਾ ਦਿੱਤਾ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਕੈਗ ਨੇ ਸਰਕਾਰ ਨੂੰ ਆਫਸੈੱਟ ਰੱਖਿਆ ਸੌਦਿਆਂ ਬਾਰੇ ਆਪਣਾ ਪ੍ਰਫਾਰਮੈਂਸ ਆਡਿਟ ਸੌਂਪਿਆ ਸੀ, ਜਿਸ ਵਿੱਚ ਰਾਫ਼ਾਲ ਜਹਾਜ਼ ਦੀ ਖ਼ਰੀਦ ਸਬੰਧੀ ਆਫਸੈੱਟ ਸੌਦਿਆਂ ਦਾ ਕੋਈ ਜ਼ਿਕਰ ਨਹੀਂ ਹੈ। ਭਾਜਪਾ ਦੇ ਪਿਯੂਸ਼ ਗੋਇਲ ਨੇ ਤਿੱਖਾ ਜਵਾਬ ਦਿੰਦਿਆਂ ਟਵੀਟ ਕੀਤਾ, ‘‘ਰਾਹੁਲ ਗਾਂਧੀ ਦੇ ਕਈ ਕਾਂਗਰਸੀ ਸਾਥੀਆਂ ਨੇ ਨਿੱਜੀ ਤੌਰ ’ਤੇ ਦੱਸਿਆ ਹੈ ਕਿ ਰਾਹੁਲ ਦਾ ਰਾਫ਼ਾਲ ਪ੍ਰਤੀ ਜਨੂੰਨ ਆਪਣੇ ਪਿਤਾ ਦੇ ਪਾਪ ਧੋਣ ਲਈ ਹੈ, ਜੋ ਕਿ ਪਾਰਟੀ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਪਰ ਜੇਕਰ ਕੋਈ ਖ਼ੁਦ ਨੂੰ ਤਬਾਹ ਕਰਨਾ ਚਾਹੁੰਦਾ ਹੈ, ਤਾਂ ਸ਼ਿਕਾਇਤ ਕਰਨ ਵਾਲੇ ਅਸੀਂ ਕੌਣ ਹੁੰਦੇ ਹਾਂ? ਅਸੀਂ ਊਸ ਨੂੰ 2024 ਦੀਆਂ ਚੋਣਾਂ ਰਾਫ਼ਾਲ ਮੁੱਦੇ ’ਤੇ ਲੜਨ ਦਾ ਸੱਦਾ ਦਿੰਦੇ ਹਾਂ।’’