ਅਮੇਠੀ: ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਕਾਂਗਰਸ ਆਗੂ ਰਾਹੁਲ ਗਾਂਧੀ ’ਤੇ ਤਿੱਖਾ ਹਮਲਾ ਬੋਲਦਿਆਂ ਦੋਸ਼ ਲਾਇਆ ਹੈ ਕਿ ਉਹ ਖੇਤੀ ਕਾਨੂੰਨਾਂ ਬਾਰੇ ਝੂਠ ਬੋਲ ਕੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ। ਆਪਣੇ ਸੰਸਦੀ ਹਲਕੇ ’ਚ ਕਿਸਾਨਾਂ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਰਾਹੁਲ ਕਿਸਾਨਾਂ ਲਈ ਮਗਰਮੱਛ ਦੇ ਹੰਝੂ ਵਹਾਅ ਰਹੇ ਹਨ। ‘ਉਸ ਦੇ ਆਪਣੇ ਜੀਜੇ (ਰੌਬਰਟ ਵਾਡਰਾ) ਨੇ ਤਾਂ ਖੁਦ ਕਿਸਾਨਾਂ ਦੀ ਜ਼ਮੀਨ ਦੱਬੀ ਹੋਈ ਹੈ।’ ਕਿਸਾਨਾਂ ਦੇ ਮੁੱਦੇ ’ਤੇ ਬਹਿਸ ਲਈ ਰਾਹੁਲ ਗਾਂਧੀ ਨੂੰ ਚੁਣੌਤੀ ਦਿੰਦਿਆਂ ਇਰਾਨੀ ਨੇ ਕਿਹਾ ਕਿ ਉਹ ਇਥੇ ਕਿਸਾਨਾਂ ’ਚ ਆ ਕੇ ਖੇਤੀ ਕਾਨੂੰਨਾਂ ਬਾਰੇ ਬਹਿਸ ਕਰਕੇ ਦਿਖਾਉਣ। ਉਨ੍ਹਾਂ ਦਾਅਵਾ ਕੀਤਾ ਕਿ ਉਹ ਰਾਹੁਲ ਵੱਲੋਂ ਕੀਤੇ ਗਏ ‘ਹਰੇਕ ਪਾਪ’ ਦਾ ਪਰਦਾਫਾਸ਼ ਕਰ ਦੇਣਗੇ।
-ਪੀਟੀਆਈ