ਤੇਹੱਟਾ, 16 ਅਪਰੈਲ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ’ਤੇ ਦੋਸ਼ ਲਾਇਆ ਹੈ ਕਿ ਉਸ ਨੇ ਦਲਿਤ ਮਤੂਆ ਅਤੇ ਨਾਮਸੁਦਰਾ ਭਾਈਚਾਰਿਆਂ ਨੂੰ ਨਾਗਰਿਕਤਾ ਦੇਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਸ ਦਾ ਵੋਟ ਬੈਂਕ ਇਸ ਫ਼ੈਸਲੇ ਨੂੰ ਪਸੰਦ ਨਹੀਂ ਕਰਦਾ। ਸੂਬੇ ’ਚ ਵਿਧਾਨ ਸਭਾ ਚੋਣਾਂ ਦੇ ਆਉਂਦੇ ਗੇੜਾਂ ’ਚ ਗਿਣਤੀ ਪੱਖੋਂ ਅਹਿਮ ਦੋ ਭਾਈਚਾਰਿਆਂ ਤੱਕ ਪਹੁੰਚ ਕਰਦਿਆਂ ਸ਼ਾਹ ਨੇ ਕਿਹਾ ਕਿ ਜੇਕਰ ਭਾਜਪਾ ਸੂਬੇ ਦੀ ਸੱਤਾ ’ਚ ਆਈ ਤਾਂ ਇਨ੍ਹਾਂ ਭਾਈਚਾਰਿਆਂ ਦੀ ਭਲਾਈ ਲਈ 100 ਕਰੋੜ ਰੁਪਏ ਦਾ ਫੰਡ ਸਥਾਪਤ ਕੀਤਾ ਜਾਵੇਗਾ। ਨਾਦੀਆ ਜ਼ਿਲ੍ਹੇ ਦੇ ਤੇਹੱਟਾ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਮਤੂਆ ਅਤੇ ਨਾਮਸੁਦਰਾ ਪਰਿਵਾਰ ਇਥੇ 50-70 ਸਾਲਾਂ ਤੋਂ ਰਹਿ ਰਹੇ ਹਨ ਪਰ ਦੀਦੀ ਆਖਦੀ ਹੈ ਕਿ ਉਨ੍ਹਾਂ ਨੂੰ ਨਾਗਰਿਕਤਾ ਨਹੀਂ ਮਿਲੇਗੀ। ‘ਕਿਉਂ? ਕਿਉਂਕਿ ਉਸ ਦੇ ਵੋਟ ਬੈਂਕ ਨੂੰ ਇਹ ਫ਼ੈਸਲਾ ਮਨਜ਼ੂਰ ਨਹੀਂ ਹੋਵੇਗਾ।’
ਉਨ੍ਹਾਂ ਕਾਂਗਰਸ ਆਗੂ ਰਾਹੁਲ ਗਾਂਧੀ ’ਤੇ ਤਨਜ਼ ਕੱਸਦਿਆਂ ਉਸ ਨੂੰ ‘ਸੈਰ-ਸਪਾਟਾ ਸਿਆਸਤਦਾਨ’ ਆਖਿਆ। ਉਨ੍ਹਾਂ ਕਿਹਾ,‘‘ਜਦੋਂ ਬੰਗਾਲ ’ਚ ਕਰੀਬ ਕਰੀਬ ਚੋਣ ਅਮਲ ਮੁਕੰਮਲ ਹੋਣ ਵਾਲਾ ਹੈ ਤਾਂ ਸੈਰ-ਸਪਾਟੇ ਵਾਲਾ ਸਿਆਸਤਦਾਨ ਇਥੇ ਪਹੁੰਚ ਗਿਆ ਹੈ ਅਤੇ ਸਾਡੇ ਡੀਐੱਨਏ ਬਾਰੇ ਸਵਾਲ ਉਠਾ ਰਿਹਾ ਹੈ। ਭਾਜਪਾ ਦਾ ਡੀਐੱਨਏ ਡਿਵੈਲਪਮੈਂਟ (ਵਿਕਾਸ), ਨੈਸ਼ਨਲਿਜ਼ਮ (ਰਾਸ਼ਟਰਵਾਦ) ਅਤੇ ਆਤਮ-ਨਿਰਭਰ ਭਾਰਤ ਹੈ।’’ ਉਨ੍ਹਾਂ ਕਿਹਾ ਕਿ ਲੋਕਾਂ ਦੇ ਫ਼ਤਵੇ ਮਗਰੋਂ 2 ਮਈ ਤੋਂ ਬਾਅਦ ਕਿਸੇ ਨੂੰ ਵੀ ਕੱਟ ਮਨੀ ਲੈਣ ਨਹੀਂ ਦਿੱਤੀ ਜਾਵੇਗੀ। -ਪੀਟੀਆਈ