ਨਵੀਂ ਦਿੱਲੀ, 17 ਅਗਸਤ
ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ’ਤੇ ਜਬਰ- ਜਨਾਹ ਪੀੜਤ ਨੌਂ ਸਾਲ ਬੱਚੀ ਦੇ ਪਰਿਵਾਰ ਦੀ ਤਸਵੀਰ ਟਵੀਟ ਕਰਨ ’ਤੇ ਨਿਸ਼ਾਨਾ ਸੇਧਿਆ ਹੈ। ਉਨ੍ਹਾਂ ਕਿਹਾ ਕਿ ਸੌੜੇ ਸਿਆਸੀ ਹਿੱੱਤਾਂ ਲਈ ਅਜਿਹੇ ਮੁੱਦਿਆਂ ਦਾ ਸਿਆਸੀਕਰਨ ਨਹੀਂ ਕੀਤਾ ਜਾਣਾ ਚਾਹੀਦਾ। ਭਾਜਪਾ ਆਗੂ ਨੇ ਮੰਗ ਕੀਤੀ ਕਿ ਟਵਿੱਟਰ ਨੂੰ ਗਾਂਧੀ ਦਾ ਖਾਤਾ ਮੁੜ ਬਲਾਕ ਕਰ ਦੇਣਾ ਚਾਹੀਦਾ ਹੈ ਕਿਉਂਕਿ ਪੀੜਤ ਦੇ ਪਰਿਵਾਰ ਨੇ ਗਾਂਧੀ ਦਾ ਉਨ੍ਹਾਂ ਦੀਆਂ ਤਸਵੀਰਾਂ ਸਾਂਝੀਆਂ ਕਰਨ ਤੋਂ ਪਹਿਲਾਂ ਮਨਜ਼ੂਰੀ ਲੈਣ ਦਾ ਦਾਅਵਾ ਨਕਾਰ ਦਿੱਤਾ ਹੈ। ਪਾਰਟੀ ਦੇ ਤਰਜ਼ਮਾਨ ਸੰਬਿਤ ਪਾਤਰਾ ਨੇ ਕਿਹਾ ਕਿ ਰਾਹੁਲ ਗਾਂਧੀ ਆਪਣੀ ਭਰੋਸੇਯੋਗਤਾ ਗੁਆ ਚੁੱਕੇ ਹਨ ਅਤੇ ਉਨ੍ਹਾਂ ਨੂੰ ਝੂਠ ਬੋਲਣ ਦੀ ਆਦਤ ਪੈ ਗਈ ਹੈ। ਲੋਕਾਂ ਨੇ ਤਾਂ ਉਨ੍ਹਾਂ ਦਾ ‘ਸਿਆਸੀ ਖਾਤਾ’ ਪਹਿਲਾਂ ਹੀ ਬੰਦ ਕਰ ਦਿੱਤਾ ਹੈ, ਹੁਣ ਟਵਿੱਟਰ ਨੂੰ ਵੀ ਉਨ੍ਹਾਂ ਦਾ ਖਾਤਾ ਬੰਦ ਕਰ ਦੇਣਾ ਚਾਹੀਦਾ ਹੈ। ਕੇਰਲਾ ਦੇ ਕੋੜੀਕੋਡ ਵਿੱਚ ਭਾਜਪਾ ਦਫ਼ਤਰ ਦੇ ਵਰਚੁਅਲ ਉਦਘਾਟਨ ਮੌਕੇ ਨੱਡਾ ਨੇ ਕਿਹਾ ਕਿ ਰਾਹੁਲ ਗਾਂਧੀ ਦਾ ਸਿਆਸੀ ਸੈਰ ਸਪਾਟਾ ਕੇਰਲਾ ਵਿੱਚ ਚੱਲ ਰਿਹਾ ਹੈ। ਉਹ ਅਮੇਠੀ ਵਿੱਚ ਹਾਰ ਕੇ ਵਾਇਨਾਡ ਭੱਜ ਗਏ। ਉਨ੍ਹਾਂ ਕਿਹਾ ਕਿ ਸੂਬਾ ਬਦਲਣ ਨਾਲ ਕਿਸੇ ਦਾ ਸੁਭਾਅ ਤੇ ਇਰਾਦੇ ਨਹੀਂ ਬਦਲਦੇ। -ਪੀਟੀਆਈ