ਤਿਰੂਵਨੰਤਪੁਰਮ, 14 ਸਤੰਬਰ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪਾਰਟੀ ਦੀ ਭਾਰਤ ਜੋੜੋ ਯਾਤਰਾ ਤਹਿਤ ਬੁੱਧਵਾਰ ਨੂੰ ਕੇਰਲ ਦੌਰੇ ਦੇ ਚੌਥੇ ਦਿਨ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਤਿਰੂਵਨੰਤਪੁਰਮ ਦੇ ਪ੍ਰਸਿੱਧ ਸਮਾਜ ਸੁਧਾਰਕ ਸ੍ਰੀ ਨਾਰਾਇਣ ਗੁਰੂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸ਼ਿਵਗਿਰੀ ਮੱਠ ਦਾ ਦੌਰਾ ਕੀਤਾ। ਮੱਠ ਵਿੱਚ ਰਾਹੁਲ ਗਾਂਧੀ ਨੇ ਸਾਧੂਆਂ ਨਾਲ ਮੁਲਾਕਾਤ ਕੀਤੀ ਤੇ ਸੰਤ ਨਾਰਾਇਣ ਗੁਰੂ ਨੂੰ ਸ਼ਰਧਾਂਜਲੀ ਭੇਟ ਕੀਤੀ। ਯਾਤਰਾ ਸਵੇਰੇ ਸਾਢੇ ਸੱਤ ਵਜੇ ਨਵੈਕੁਲਮ ਜੰਕਸ਼ਨ ਤੋਂ ਸ਼ੁਰੂ ਹੋਈ, ਜਿਸ ਵਿੱਚ ਵੱਡੀ ਗਿਣਤੀ ’ਚ ਲੋਕ ਸ਼ਾਮਲ ਹੋਏ। ਰਾਹੁਲ ਨੇ ਮੰਗਲਵਾਰ ਨੂੰ ਯਾਤਰਾ ਦੀ ਸਮਾਪਤੀ ’ਤੇ ਦੋਸ਼ ਲਾਇਆ ਸੀ ਕਿ ਆਪਣੇ ਆਪ ਨੂੰ ਹਿੰਦੂਆਂ ਦੀ ਪਾਰਟੀ ਅਖਵਾਉਣ ਵਾਲੀ ਭਾਜਪਾ ਮੁਲਕ ਵਿੱਚ ‘ਅਸ਼ਾਂਤੀ’ ਫੈਲਾ ਰਹੀ ਹੈ, ਜਦੋਂ ਕਿ ਹਿੰਦੂਤਵ ਵਿੱਚ ਸਭ ਤੋਂ ਪਹਿਲਾਂ ‘ਓਮ ਸ਼ਾਂਤੀ’ ਸ਼ਬਦ ਸਿਖਾਇਆ ਜਾਂਦਾ ਹੈ। ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਸੀ , ‘‘ ਉਹ ਜਿਥੇ ਵੀ ਜਾ ਰਹੇ ਹਨ, ਮਾਹੌਲ ਖ਼ਰਾਬ ਕਰ ਰਹੇ ਹਨ, ਲੋਕਾਂ ’ਤੇ ਹਮਲੇ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਵੰਡਣ ਦਾ ਕੰਮ ਕਰ ਰਹੇ ਹਨ। ’’ -ਏਜੰਸੀ