ਕੰਨਿਆਕੁਮਾਰੀ (ਤਾਮਿਲ ਨਾਡੂ), 7 ਸਤੰਬਰ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਇਥੇ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ 3570 ਕਿਲੋਮੀਟਰ ਲੰਮੀ ‘ਭਾਰਤ ਜੋੜੋ ਯਾਤਰਾ’ ਦਾ ਰਸਮੀ ਆਗਾਜ਼ ਕਰਦਿਆਂ ਕਿਹਾ ਕਿ ਦੇਸ਼ ਦਾ ਤਿਰੰਗਾ ਹਰੇਕ ਧਰਮ, ਰਾਜ ਤੇ ਭਾਸ਼ਾ ਨਾਲ ਸਬੰਧ ਰੱਖਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਤੇ ਆਰਐੱਸਐੱਸ ਵੱਲੋਂ ਤਿਰੰਗੇ ’ਤੇ ਹਮਲੇ ਕੀਤੇ ਜਾ ਰਹੇ ਹਨ। ਦੇਸ਼ ਨੂੰ ਧਰਮ ਤੇ ਭਾਸ਼ਾ ਦੀਆਂ ਲੀਹਾਂ ’ਤੇ ਵੰਡਿਆ ਜਾ ਰਿਹੈ। ਹਰੇਕ ਸੰਸਥਾ ਨੂੰ ਨਿਸ਼ਾਨਾ ਬਣਾਇਆ ਜਾ ਰਿਹੈ। ਇਹ ਯਾਤਰਾ ਅਗਲੇ ਪੰਜ ਮਹੀਨਿਆਂ ਦੌਰਾਨ 12 ਰਾਜਾਂ ਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚੋਂ ਲੰਘੇਗੀ। ਰਾਹੁਲ ਨੇ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਪਿਤਾ ਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਯਾਦਗਾਰ ’ਤੇ ਜਾ ਕੇ ਸ਼ਰਧਾਂਜਲੀ ਭੇਟ ਕੀਤੀ ਅਤੇ ਪ੍ਰਾਰਥਨਾ ਸਭਾ ‘ਚ ਸ਼ਿਰਕਤ ਕੀਤੀ। ਰਾਜੀਵ ਗਾਂਧੀ ਦੀ ਤਿੰਨ ਦਹਾਕੇ ਪਹਿਲਾਂ ਤਾਮਿਲਨਾਡੂ ਦੇ ਸ੍ਰੀਪੇਰੰਬਦੂਰ ਵਿੱਚ ਚੋਣ ਰੈਲੀ ਦੌਰਾਨ ਆਤਮਘਾਤੀ ਹਮਲੇ ਵਿੱਚ ਹੱਤਿਆ ਕਰ ਦਿੱਤੀ ਗਈ ਸੀ।