ਸੂਰਤ, 26 ਅਕਤੂਬਰ
ਇੱਥੋਂ ਦੀ ਇਕ ਮੈਜਿਸਟਰੇਟ ਅਦਾਲਤ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ‘ਮੋਦੀ ਉਪਨਾਮ’ ਦੀ ਕਥਿਤ ਟਿੱਪਣੀ ਨੂੰ ਲੈ ਕੇ ਉਨ੍ਹਾਂ ਖ਼ਿਲਾਫ਼ ਦਰਜ ਅਪਰਾਧਿਕ ਮਾਣਹਾਨੀ ਦੇ ਇੱਕ ਕੇਸ ’ਚ ਬਿਆਨ ਦਰਜ ਕਰਵਾਉਣ ਲਈ 29 ਅਕਤੂਬਰ ਨੂੰ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਹੈ। ਚੀਫ ਜੁਡੀਸ਼ਲ ਮੈਜਿਸਟਰੇਟ ਏਐੱਨ ਦਵੇ ਨੇ ਰਾਹੁਲ ਗਾਂਧੀ ਨੂੰ ਆਪਣਾ ਬਿਆਨ ਦਰਜ ਕਰਵਾਉਣ ਲਈ 29 ਅਕਤੂਬਰ ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। ਕਾਂਗਰਸ ਆਗੂ ਆਖਰੀ ਵਾਰ 24 ਜੂਨ ਨੂੰ ਅਦਾਲਤ ’ਚ ਪੇਸ਼ ਹੋਏ ਸਨ ਤੇ ਉਸ ਤੋਂ ਬਾਅਦ ਦੋ ਨਵੇਂ ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਹਨ। ਇਸ ਤੋਂ ਪਹਿਲਾ ਗਾਂਧੀ ਅਕਤੂਬਰ 2019 ਨੂੰ ਅਦਾਲਤ ’ਚ ਪੇਸ਼ ਹੋਏ ਸਨ ਤੇ ਉਨ੍ਹਾਂ ਆਪਣੀ ਟਿੱਪਣੀ ਲਈ ਦੋਸ਼ ਸਵੀਕਾਰ ਨਹੀਂ ਕੀਤਾ ਸੀ। -ਪੀਟੀਆਈ
ਰਾਹੁਲ ਵੱਲੋਂ ਗੋਆ ਦੌਰਾ 30 ਨੂੰ
ਪਣਜੀ: ਅਗਲੇ ਵਰ੍ਹੇ ਹੋਣ ਵਾਲੀਆਂ ਗੋਆ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ 30 ਅਕਤੂਬਰ ਨੂੰ ਗੋਆ ਦੇ ਇੱਕ ਦਿਨਾ ਦੌਰੇ ਲਈ ਇੱਥੇ ਪੁੱਜਣਗੇ। ਸੂਬੇ ਦੇ ਪਾਰਟੀ ਪ੍ਰਧਾਨ ਨੇ ਦੱਸਿਆ ਕਿ ਇਸ ਦੌਰੇ ਦੌਰਾਨ ਸ੍ਰੀ ਗਾਂਧੀ ਬਮਬੋਲਿਮ ਵਿੱਚ ਐੱਸਪੀਐੱਮ ਸਟੇਡੀਅਮ ਵਿੱਚ ਕਾਂਗਰਸੀ ਕਾਰਕੁਨਾਂ ਦੀ ਇੱਕ ਕਨਵੈਨਸ਼ਨ ਨੂੰ ਸੰਬੋਧਨ ਕਰਨ ਤੋਂ ਇਲਾਵਾ ਪਾਰਟੀ ਦੇ ਕਈ ਹੋਰ ਸਮਾਗਮਾਂ ਵਿੱਚ ਵੀ ਹਿੱਸਾ ਲੈਣਗੇ। -ਪੀਟੀਆਈ