ਨਵੀਂ ਦਿੱਲੀ, 11 ਅਪਰੈਲ
ਭਾਰਤੀ ਜਨਤਾ ਪਾਰਟੀ ਨੇ ਅੱਜ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਭਗਵਾਨ ਰਾਮ ਦੀ ਹੋਂਦ ਬਾਰੇ ਕੀਤੀ ਗਈ ਟਿੱਪਣੀ ਲਈ ਉਨ੍ਹਾਂ ਦੀ ਆਲੋਚਨਾ ਕੀਤੀ ਅਤੇ ਦੋਸ਼ ਲਾਇਆ ਕਾਂਗਰਸ ਆਗੂ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਦੀ ਹੋਛੀ ਸਿਆਸਤ ਅਤੇ ਟਿੱਪਣੀਆਂ ਕਾਰਨ ਰਾਮ ਨੌਮੀ ਮੌਕੇ ਹਿੰਸਾ ਦੀਆਂ ਘਟਨਾਵਾਂ ਵਾਪਰੀਆਂ ਹਨ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਰਾਹੁਲ ਗਾਂਧੀ ਨੂੰ ਚੁਣਾਵੀ ਹਿੰਦੂ ਦਸਦਿਆਂ ਦੋਸ਼ ਲਾਇਆ ਕਿ ਉਹ ਹਿੰਦੂ ਹੋਣ ਦਾ ਨਾਟਕ ਕਰਦੇ ਹਨ। ਉਹ ਰਾਹੁੁਲ ਗਾਂਧੀ ਦੀ ਉਸ ਟਿੱਪਣੀ ਬਾਰੇ ਗੱਲ ਕਰ ਰਹੇ ਸਨ ਜਿਸ ’ਚ ਉਨ੍ਹਾਂ ਕਿਹਾ ਸੀ ਕਿ ਉਹ ਅਵਤਾਰਵਾਦ ’ਚ ਯਕੀਨ ਨਹੀਂ ਰੱਖਦੇ। ਪਾਤਰਾ ਨੇ ਕਿਹਾ ਕਿ ਜੇਕਰ ਉਹ (ਰਾਹੁਲ) ਅਵਤਾਰਵਾਦ ’ਚ ਯਕੀਨ ਨਹੀਂ ਰੱਖਦੇ ਤਾਂ ਉਹ ਭਗਵਾਨ ਰਾਮ ’ਚ ਯਕੀਨ ਕਿਵੇਂ ਕਰ ਸਕਦੇ ਹਨ। ਆਪਣੇ ਭਾਸ਼ਣ ਦੌਰਾਨ ਰਾਹੁਲ ਗਾਂਧੀ ਨੇ ਉਸ ਦਲਿਤ ਨੌਜਵਾਨ ਨਾਲ ਹੋਈ ਗੱਲਬਾਤ ਦਾ ਵੀ ਜ਼ਿਕਰ ਕੀਤਾ ਸੀ ਜਿਸ ਨੇ ਗੁਜਰਾਤ ਦੇ ਊਨਾ ’ਚ ਦਲਿਤਾਂ ਖ਼ਿਲਾਫ਼ ਭੜਕੀ ਹਿੰਸਾ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ। -ਪੀਟੀਆਈ