ਨਵੀਂ ਦਿੱਲੀ, 18 ਅਕਤੂਬਰ ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਐਤਵਾਰ ਨੂੰ ਮੀਡੀਆ ਦੀਆਂ ਉਨ੍ਹਾਂ ਰਿਪੋਰਟਾਂ ਦੇ ਅਧਾਰ ’ਤੇ ਉੱਤਰ ਪ੍ਰਦੇਸ਼ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਭਾਜਪਾ ਵਿਧਾਇਕ ਅਤੇ ਉਸ ਦਾ ਪੁੱਤਰ ਇਕ ਔਰਤ ਦਾ ਸੋਸ਼ਣ ਕਰਨ ਵਾਲੇ ਨੂੰ ਪੁਲੀਸ ਹਿਰਾਸਤ ਵਿੱਚੋਂ ਲੈ ਗਏ। ਕਾਂਗਰਸ ਨੇ ਇਸ ਨੂੰ ਰਾਜ ਸਰਕਾਰ ਦੇ “ਅਪਰਾਧੀ ਬਚਾਓ” ਮਿਸ਼ਨ ਤਹਿਤ ਕੀਤਾ ਕੰਮ ਕਰਾਰ ਦਿੱਤਾ ਹੈ। ਰਾਹੁਲ ਅਤੇ ਪ੍ਰਿਯੰਕਾ ਨੇ ਰਾਜ ਸਰਕਾਰ ਖ਼ਿਲਾਫ਼ ਟਵੀਟ ਕੀਤਾ ਅਤੇ ਮੀਡੀਆ ਰਿਪੋਰਟਾਂ ਨੂੰ ਵੀ ਟੈਗ ਕੀਤਾ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਭਾਜਪਾ ਵਿਧਾਇਕ, ਉਸ ਦੇ ਪੁੱਤਰ ਅਤੇ ਉਸ ਦੇ ਸਮਰਥਕਾਂ ਨੇ ਸ਼ਨਿਚਰਵਾਰ ਨੂੰ ਇੱਕ ਮਹਿਲਾ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਮੁਲਜ਼ਮ ਨੂੰ ਪੁਲੀਸ ਹਿਰਾਸਤ ਵਿੱਚੋਂ ਛੁਡਾ ਲਿਆ। ਰਾਹੁਲ ਗਾਂਧੀ ਨੇ ਟਵੀਟ ਕੀਤਾ, “ਇਹ ਕਿਵੇਂ ਸ਼ੁਰੂ ਹੋਇਆ: ਧੀ ਬਚਾਓ” ਅਤੇ ਇਹ ਕਿਵੇਂ ਚੱਲ ਰਿਹਾ ਹੈ, ਦੋਸ਼ੀ ਨੂੰ ਬਚਾਓ।” ਪ੍ਰਿਯੰਕਾ ਨੇ ਟਵੀਟ ਕਰਦਿਆਂ ਇਸ ਘਟਨਾ ਬਾਰੇ ਮੀਡੀਆ ਵਿੱਚ ਖ਼ਬਰ ਦੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ, “ਕੀ ਯੂਪੀ ਦੇ ਸੀਐਮ ਦੱਸਣਗੇ ਕਿ ਇਹ ਕਿਸ ਮਿਸ਼ਨ ਅਧੀਨ ਹੈ। ਧੀ ਬਚਾਓ ਜਾਂ ਅਪਰਾਧੀ ਬਚਾਓ।