ਵਾਰਾਨਸੀ: ਕਾਂਗਰਸ ਆਗੂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਡਰਾ ਅੱਜ ਇਥੇ ਗੁਰੂ ਰਵਿਦਾਸ ਦੀ ਜਨਮ ਵਰ੍ਹੇਗੰਢ ਮੌਕੇ ਉਨ੍ਹਾਂ ਦੇ ਜਨਮ ਅਸਥਾਨ ਵਾਲੀ ਥਾਂ ਬਣੇ ਮੰਦਿਰ ਵਿੱਚ ਨਤਮਸਤਕ ਹੋਏ। ਉਨ੍ਹਾਂ ਇਸ ਫੇਰੀ ਦੌਰਾਨ ‘ਲੰਗਰ’ ਦੀ ਸੇਵਾ ਵੀ ਕੀਤੀ। ਇਸ ਤੋਂ ਪਹਿਲਾਂ ਦੋਵੇਂ ਆਗੂ ਬਬਾਤਪੁਰ ਹਵਾਈ ਅੱਡੇ ’ਤੇ ਪੁੱਜੇ, ਜਿੱਥੇ ਸਾਬਕਾ ਵਿਧਾਇਕ ਅਜੈ ਰਾਏ ਸਣੇ ਸਥਾਨਕ ਕਾਂਗਰਸੀ ਆਗੂਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਮੰਦਰ ਦੇ ਅਹੁਦੇਦਾਰਾਂ ਨੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਨੂੰ ਗੁਰੂ ਰਵਿਦਾਸ ਦੀ ਫਰੇਮ ਕੀਤੀ ਤਸਵੀਰ ਤੇ ਸੋਵਿਨਾਰ ਵੀ ਭੇਟ ਕੀਤਾ। ਉਂਜ ਪ੍ਰਿਯੰਕਾ ਨੇ ਅੱਜ ਸਵੇਰੇ ਇਕ ਟਵੀਟ ਵਿੱਚ ਕਿਹਾ, ‘‘ਹਰ ਸਾਲ ਦੀ ਤਰ੍ਹਾਂ ਮੈਂ ਅੱਜ ਸੰਤ ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਵਾਰਾਨਸੀ ਸਥਿਤ ਜਨਮਸਥਲੀ ’ਤੇ ਮੱਥਾ ਟੇਕਣ ਲਈ ਜਾਵਾਂਗੀ। ਮੈਂ ਖ਼ੁਸ਼ ਹਾਂ ਕਿਉਂਕਿ ਐਤਕੀਂ ਮੈਂ ਆਪਣੇ ਭਰਾ ਨਾਲ ਉਥੇ ਜਾ ਰਹੀ ਹਾਂ।’’ ਉਧਰ ਰਾਹੁਲ ਗਾਂਧੀ ਨੇ ਵੀ ਟਵਿੱਟਰ ’ਤੇ ਗੁਰੂ ਰਵਿਦਾਸ ਦੀਆਂ ਕੁਝ ਤਸਵੀਰਾਂ ਸਾਂਝੀਆਂ ਕਰਕੇ ਸ਼ਰਧਾਂਜਲੀ ਦਿੱਤੀ। ਕਾਂਗਰਸੀ ਆਗੂ ਨੇ ਮਗਰੋਂ ‘ਲੰਗਰ’ ਵਿੱਚ ‘ਸੇਵਾ’ ਕਰਦਿਆਂ ਦੀ ਇਕ ਵੀਡੀਓ ਵੀ ਸਾਂਝੀ ਕੀਤੀ। -ਪੀਟੀਆਈ