ਨਵੀਂ ਦਿੱਲੀ, 21 ਸਤੰਬਰ
ਭਾਰਤੀ ਹਵਾਈ ਸੈਨਾ ਦੀ ਇੱਕ ਮਹਿਲਾ ਲੜਾਕੂ ਪਾਇਲਟ ਜਲਦੀ ਹੀ ‘ਗੋਲਡਨ ਏਅਰੋ ਸਕੁਐਰਡਨ’ ’ਚ ਸ਼ਾਮਲ ਹੋਵੇਗੀ ਜਿਸ ’ਚ ਹਾਲ ਹੀ ਵਿੱਚ ਰਾਫਾਲ ਜੰਗੀ ਜਹਾਜ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ। ਅਧਿਕਾਰਤ ਸੂਤਰਾਂ ਮੁਤਾਬਕ ਇਹ ਮਹਿਲਾ ਪਾਇਲਟ ਰਾਫਾਲ ਜਹਾਜ਼ ਉਡਾਉਣ ਦੀ ਸਿਖਲਾਈ ਲੈ ਰਹੀ ਹੈ। ਇਹ ਮਹਿਲਾ ਪਾਇਲਟ ਮਿੱਗ-21 ਲੜਾਕੂ ਜਹਾਜ਼ ਉਡਾਉਂਦੀ ਰਹੀ ਹੈ ਅਤੇ ਉਸ ਨੂੰ ਰਾਫਾਲ ਲਈ ਅੰਦਰੂਨੀ ਚੋਣ ਪ੍ਰਕਿਰਿਆ ਰਾਹੀਂ ਚੁਣਿਆ ਗਿਆ ਹੈ। ਮੌਜੂਦਾ ਸਮੇਂ ਭਾਰਤੀ ਹਵਾਈ ਸੈਨਾ ’ਚ ਲੜਾਕੂ ਜਹਾਜ਼ ਉਡਾਉਣ ਵਾਲੀਆਂ 10 ਮਹਿਲਾ ਪਾਇਲਟ ਅਤੇ 18 ਮਹਿਲਾ ਨੇਵੀਗੇਟਰ ਹਨ। ਹਵਾਈ ਸੈਨਾ ’ਚ ਇਸ ਸਮੇਂ ਮਹਿਲਾ ਅਧਿਕਾਰੀਆਂ ਦੀ ਕੁੱਲ ਗਿਣਤੀ 1875 ਹੈ। ਪਿਛਲੇ ਹਫ਼ਤੇ ਰੱਖਿਆ ਰਾਜ ਮੰਤਰੀ ਸ੍ਰੀਪਦ ਨਾਈਕ ਨੇ ਸੰਸਦ ’ਚ ਕਿਹਾ ਸੀ ਕਿ ਹਵਾਈ ਸੈਨਾ ’ਚ ਰਣਨੀਤਕ ਲੋੜਾਂ ਨੂੰ ਦੇਖਦਿਆਂ ਮਹਿਲਾ ਲੜਾਕੂ ਪਾਇਲਟਾਂ ਨੂੰ ਸ਼ਾਮਲ ਤੇ ਤਾਇਨਾਤ ਕੀਤਾ ਗਿਆ ਹੈ। ਪਿਛਲੇ ਸਾਲ ਸਤੰਬਰ ’ਚ ਹਵਾਈ ਸੈਨਾ ਦੀ ‘ਗੋਲਡਨ ਏਅਰੋ ਸਕੁਐਡਰਨ’ ਦਾ ਮੁੜ ਗਠਨ ਕੀਤਾ ਗਿਆ ਸੀ। ਮੂਲ ਰੂਪ ’ਚ ਇਹ ਸਕੁਐਡਰਨ ਪਹਿਲੀ ਅਕਤੂਬਰ 1951 ਨੂੰ ਅੰਬਾਲਾ ਸਥਿਤ ਏਅਰ ਫੋਰਸ ਸਟੇਸ਼ਨ ’ਤੇ ਸਥਾਪਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ 2018 ’ਚ ਫਲਾਈਂਗ ਅਫਸਰ ਅਵਨੀ ਚਤੁਰਵੇਦੀ ਇਕੱਲਿਆਂ ਲੜਾਕੂ ਜਹਾਜ਼ ਉਡਾਉਣ ਵਾਲੀ ਪਹਿਲੀ ਮਹਿਲਾ ਪਾਇਲਟ ਬਣੀ ਸੀ। ਉਸ ਨੇ ਮਿੱਗ-21 ਉਡਾਇਆ ਸੀ।
-ਪੀਟੀਆਈ