ਨਵੀਂ ਦਿੱਲੀ, 27 ਜੂਨ
ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ.ਨੱਢਾ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਮਨ ਕੀ ਬਾਤ’ ‘ਗੈਰ ਸਿਆਸੀ ਮੰਚ’ ਹੈ, ਜਿਸ ਵਿੱਚ ਉਹ ਉਨ੍ਹਾਂ ਵਿਸ਼ਿਆਂ ’ਤੇ ਗੱਲਬਾਤ ਕਰਦੇ ਹਨ ਜਿਸ ਨਾਲ ਨਾ ਸਿਰਫ਼ ਗਿਆਨ ਵਧਦਾ ਹੈ ਬਲਕਿ ਲੋਕਾਂ ਨੂੰ ਪੂਰੇ ਦੇਸ਼ ਵਿੱਚ ਚੱਲ ਰਹੀਆਂ ਸਰਗਰਮੀਆਂ ਬਾਰੇ ਜਾਣਕਾਰੀ ਵੀ ਮਿਲਦੀ ਹੈ। ਸ੍ਰੀ ਨੱਢਾ ਨੇ ਪਾਰਟੀ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਹਰ ਮਹੀਨੇ ‘ਮਨ ਕੀ ਬਾਤ’ ਨੂੰ ਸੁਣਨ ਮਗਰੋਂ ਬੂਥ ਪੱਧਰ ’ਤੇ ਮੀਟਿੰਗਾਂ ਕਰਨ ਤੇ ਇਸ ਨਾਲ ਪਾਰਟੀ ਮਜ਼ਬੂਤ ਹੋਵੇਗੀ। ਪੂਰਬੀ ਪਟੇਲ ਨਗਰ ਵਿੱਚ ਪਾਰਟੀ ਵਰਕਰਾਂ ਨਾਲ ਮਾਸਿਕ ਪ੍ਰੋਗਰਾਮ ਨੂੰ ਸੁਣਨ ਮਗਰੋਂ ਨੱਢਾ ਨੇ ਕਿਹਾ, ‘‘‘ਮਨ ਕੀ ਬਾਤ’ ਪ੍ਰੋਗਰਾਮ ਦੀ ਵਿਸ਼ੇਸ਼ਤਾ ਹੈ ਕਿ ਇਹ ਗੈਰ-ਸਿਆਸੀ ਮੰਚ ਰਿਹਾ ਹੈ। ਪ੍ਰੋਗਰਾਮ ਦੇ 80 ਐਪੀਸੋਡ ਪੂਰੇ ਹੋਣ ਵਾਲੇ ਹਨ, ਪਰ ਪ੍ਰਧਾਨ ਮੰਤਰੀ ਮੋਦੀ ਨੇ ਅਜੇ ਤੱਕ ਇਸ ਮੰਚ ਤੋਂ ਇਕ ਵਾਰ ਵੀ ਸਿਆਸਤ ਦੀ ਗੱਲ ਨਹੀਂ ਕੀਤੀ।’ ਉਨ੍ਹਾਂ ਕਿਹਾ, ‘ਪ੍ਰਧਾਨ ਮੰਤਰੀ ਨੇ ਆਪਣੇ ਰੇਡੀਓ ਪ੍ਰੋਗਰਾਮ ਦੌਰਾਨ ਸਿਆਸੀ ਵਿਸ਼ਿਆਂ ਦੀ ਥਾਂ ਹਮੇਸ਼ਾ ਖੇਡਾਂ, ਵਾਤਾਵਰਨ, ਸਿੱਖਿਆ ਤੇ ਸਭਿਆਚਾਰ ’ਤੇ ਵਿਚਾਰ ਵਟਾਂਦਰੇ ਦੇ ਨਾਲ ਵੱਖ ਵੱਖ ਖੇਤਰਾਂ ਨਾਲ ਸਬੰਧਤ ਲੋਕਾਂ ਵੱਲੋਂ ਪਾਏ ਯੋਗਦਾਨ ਤੇ ਉਨ੍ਹਾਂ ਦੀ ਭੂਮਿਕਾ ਨੂੰ ਹੀ ਉਭਾਰਿਆ ਹੈ।’ -ਪੀਟੀਆਈ