ਈਟਾਨਗਰ: ਇੱਥੋਂ ਦੀ ਇੱਕ ਅਦਾਲਤ ਨੇ ਨਸਲੀ ਟਿੱਪਣੀ ਮਾਮਲੇ ਵਿੱਚ ਗ੍ਰਿਫ਼ਤਾਰ ਯੂਟਿਊਬਰ ਪਾਰਸ ਸਿੰਘ ਨੂੰ ਜ਼ਮਾਨਤ ਦੇ ਦਿੱਤੀ ਹੈ। ਲੁਧਿਆਣਾ ਦੇ ਪਾਰਸ ਸਿੰਘ ਨੂੰ ਅਰੁਣਾਚਲ ਪ੍ਰਦੇਸ਼ ਦੇ ਵਿਧਾਇਕ ਨੂੰ ਨਿਸ਼ਾਨਾ ਬਣਾ ਕੇ ਕੀਤੀ ਨਸਲੀ ਟਿੱਪਣੀ ਦੇ ਮਾਮਲੇ ਵਿੱਚ ਪਿਛਲੇ ਮਹੀਨੇ ਗ੍ਰਿਫ਼ਤਾਰ ਕੀਤਾ ਗਿਆ ਸੀ। ਚੀਫ਼ ਜੁਡੀਸ਼ਲ ਮੈਜਿਸਟਰੇਟ (ਸੀਜੇਐੱਮ) ਅਦਾਲਤ ਨੇ ਉਸ ਨੂੰ ਦਸ ਹਜ਼ਾਰ ਦੇ ਨਿੱਜੀ ਮੁਚੱਲਕੇ ’ਤੇ ਸ਼ੁੱਕਰਵਾਰ ਨੂੰ ਸ਼ਰਤਾਂ ਤਹਿਤ ਜ਼ਮਾਨਤ ਦੇ ਦਿੱਤੀ। ਪਾਰਸ ਨੂੰ ਵਿਦੇਸ਼ ਜਾਣ ਤੋਂ ਪਹਿਲਾਂ ਇਜਾਜ਼ਤ ਲੈਣੀ ਹੋਵੇਗੀ ਅਤੇ ਉਸ ਨੂੰ ਜਾਂਚ ਪ੍ਰਕਿਰਿਆ ਤੋਂ ਵੀ ਦੂਰ ਰਹਿਣ ਲਈ ਕਿਹਾ ਗਿਆ ਹੈ। ਉਸ ਨੇ ਯੂਟਿਊਬ ਉੱਤੇ ਆਪਣੇ ਨਾਮ ’ਤੇ ਬਣਾਏ ‘ਪਾਰਸ ਆਫੀਸ਼ੀਅਲ’ ਵਿੱਚ ਇੱਕ ਵੀਡੀਓ ਵਿੱਚ ਸੀਨੀਅਰ ਕਾਂਗਰਸ ਆਗੂ ਅਤੇ ਵਿਧਾਇਕ ਨਿਨੌਂਗ ਐਰਿੰਗ ਨੂੰ ‘ਗ਼ੈਰ-ਭਾਰਤੀ’ ਅਤੇ ਅਰੁਣਾਚਲ ਪ੍ਰਦੇਸ਼ ਨੂੰ ‘ਚੀਨ ਦਾ ਹਿੱਸਾ’ ਦੱਸਿਆ ਸੀ। -ਪੀਟੀਆਈ