ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 10 ਅਕਤੂਬਰ
ਸੰਯੁਕਤ ਕਿਸਾਨ ਮੋਰਚੇ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ‘ਟੇਨੀ’ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੀ ਗ੍ਰਿਫ਼ਤਾਰੀ ਲਈ ਲਾਈਆਂ ਧਾਰਾਵਾਂ ਉਪਰ ਸਵਾਲ ਉਠਾਉਂਦਿਆਂ ਕਿਹਾ ਕਿ ਅਜੈ ਮਿਸ਼ਰਾ ਦੇ ਕੇਂਦਰੀ ਵਜ਼ਾਰਤ ਵਿੱਚ ਰਹਿੰਦਿਆਂ ਇਸ ਕੇਸ ’ਚ ਨਿਰਪੱਖ ਜਾਂਚ ਮੁਸ਼ਕਲ ਹੈ। ਕਿਸਾਨ ਆਗੂਆਂ ਨੇ ਘਟਨਾ ਵਾਲੀ ਥਾਂ ਤੋਂ ਸਬੂਤਾਂ ਨਾਲ ਛੇੜਛਾੜ ਕੀਤੇ ਜਾਣ ਦੇ ਖਦਸ਼ੇ ਵੀ ਪ੍ਰਗਟਾਏ ਹਨ। ਮੋਰਚੇ ਨੇ ਕੇਂਦਰ ਸਰਕਾਰ ਨੂੰ ਅਜੈ ਮਿਸ਼ਰਾ ਨੂੰ ਕੇਂਦਰੀ ਵਜ਼ਾਰਤ ਵਿੱਚੋਂ ਬਰਖ਼ਾਸਤ ਕਰਨ ਲਈ 11 ਅਕਤੂਬਰ ਤੱਕ ਦਾ ਸਮਾਂ ਦਿੱਤਾ ਹੋਇਆ ਹੈ ਜਿਸ ਮਗਰੋਂ ਮੋਰਚੇ ਵੱਲੋਂ ਕੌਮੀ ਪੱਧਰ ਦਾ ਸੰਘਰਸ਼ ਵਿੱਢਿਆ ਜਾਵੇਗਾ।
ਮੋਰਚੇ ਦੇ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਅਜੈ ਮਿਸ਼ਰਾ ਦਾ ਮੋਦੀ ਸਰਕਾਰ ਵਿੱਚ ਮੰਤਰੀ ਬਣੇ ਰਹਿਣਾ ਸਮਝ ਤੋਂ ਪਰੇ ਹੈ। ਉਨ੍ਹਾਂ ਕਿਹਾ ਕਿ ਰਾਜ ਮੰਤਰੀ ਦੀ ਦੁਸ਼ਮਣੀ ਤੇ ਨਫ਼ਤਰ ਭੜਕਾਉਣ, ਅਪਰਾਧਿਕ ਸਾਜ਼ਿਸ਼ ਤੇ ਕਥਿਤ ਕਾਤਲਾਂ ਨੂੰ ਪਨਾਹ ਦੇਣ ਅਤੇ ਨਿਆਂ ’ਚ ਰੁਕਾਵਟ ਪਾਉਣ ’ਚ ਕਥਿਤ ਭੂਮਿਕਾ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਵਜੋਂ ਅਜੈ ਮਿਸ਼ਰਾ ਦੇ ਮੋਦੀ ਸਰਕਾਰ ਵਿੱਚ ਰਹਿਣ ਨਾਲ ਨਿਰਪੱਖ ਜਾਂਚ ਮੁਸ਼ਕਲ ਹੈ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਤੇ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਆਸ਼ੀਸ਼ ਮਿਸ਼ਰਾ ਨੂੰ ਲਖੀਮਪੁਰ ਖੀਰੀ ਕਿਸਾਨ ਕਤਲੇਆਮ ਦੀ ਜਾਂਚ ਵਿੱਚ ਸਹਿਯੋਗ ਨਾ ਕਰਨ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ੁਰੂਆਤੀ ਸੰਮਨ 160 ਸੀਆਰਪੀਸੀ ਦੇ ਸਨ ਜੋ ਗਵਾਹਾਂ ਲਈ ਹਨ, ਜਿਸ ਤੋਂ ਸਾਫ਼ ਹੈ ਕਿ ਆਸ਼ੀਸ਼ ਨੂੰ ਨਿਰਦੋਸ਼ ਕਿਸਾਨਾਂ ਦੇ ਕਥਿਤ ਦੋਸ਼ੀ ਵਜੋਂ ਨਹੀਂ ਲਿਆ ਜਾ ਰਿਹਾ। ਇਸ ਕਾਰਨ ਐੱਸਆਈਟੀ ਦੀ ਜਾਂਚ ਪ੍ਰਕਿਰਆ ’ਤੇ ਭਰੋਸਾ ਨਹੀਂ ਹੁੰਦਾ। ਕਿਸਾਨ ਆਗੂਆਂ ਗੁਰਨਾਮ ਸਿੰਘ ਚੜੂਨੀ ਤੇ ਜਗਜੀਤ ਸਿੰਘ ਡੱਲੇਵਾਲ ਨੇ ਸਬੂਤ ਸੁਰੱਖਿਅਤ ਕਰਨ ਤੇ ਰਿਪੋਰਟ ਸਿੱਧੀ ਸੁਪਰੀਮ ਕੋਰਟ ਨੂੰ ਦੇਣ ਦੀ ਅਪੀਲ ਕੀਤੀ ਹੈ।
ਪ੍ਰਯਾਗਰਾਜ ’ਚ ਮਹਾਂਪੰਚਾਇਤ
ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਦੇ ਪਿੰਡ ਔਧਿਗੀ ਤਰਹਰ ’ਚ ਕਿਸਾਨ ਮਜ਼ਦੂਰ ਮਹਾਂਪੰਚਾਇਤ ਹੋਈ ਜਿਸ ਦੌਰਾਨ ਵੱਡੀ ਗਿਣਤੀ ’ਚ ਕਿਸਾਨ, ਮਜ਼ਦੂਰ ਤੇ ਆਮ ਲੋਕ ਸ਼ਾਮਲ ਹੋਏ। ਇਸ ਦੌਰਾਨ ਖੇਤੀ ਕਾਨੂੰਨ ਰੱਦ ਕਰਨ ਦੇ ਨਾਲ ਨਾਲ ਲਖੀਮਪੁਰ ਖੀਰੀ ’ਚ ਕਿਸਾਨ ਕਤਲੇਆਮ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਆਵਾਜ਼ ਉਠਾਈ ਗਈ। ਮਹਾਂਪੰਚਾਇਤ ਦੌਰਾਨ ਲੋਕਾਂ ਨੂੰ ਤਿਕੋਨੀਆ ’ਚ ਹੋਣ ਵਾਲੀ ਸ਼ਹੀਦਾਂ ਦੀ ਅੰਤਿਮ ਅਰਦਾਸ ’ਚ ਸ਼ਮੂਲੀਅਤ ਦੀ ਅਪੀਲ ਕੀਤੀ ਗਈ।
ਲਖੀਮਪੁਰ ਹਿੰਸਾ ਦੇ ਰੋਸ ਵਜੋਂ ਅੱਜ ਮਹਾਰਾਸ਼ਟਰ ਬੰਦ
ਮੁੰਬਈ: ਮਹਾਰਾਸ਼ਟਰ ਦੀ ਮਹਾ ਵਿਕਾਸ ਅਘਾੜੀ (ਐੱਮਵੀਏ) ਸਰਕਾਰ ਨੇ ਅੱਜ ਮਹਾਰਾਸ਼ਟਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਲਕੇ 11 ਅਕਤੂਬਰ ਨੂੰ ਸੂਬਾ ਸਰਕਾਰ ਵੱਲੋਂ ਦਿੱਤੇ ਮਹਾਰਾਸ਼ਟਰ ਬੰਦ ਦੇ ਸੱਦੇ ਨੂੰ ਕਾਮਯਾਬ ਬਣਾਉਣ ਲਈ ਸਹਿਯੋਗ ਦੇਣ। ਮਹਾਰਾਸ਼ਟਰ ਸਰਕਾਰ ਵੱਲੋਂ ਯੂਪੀ ਦੇ ਲਖੀਮਪੁਰ ਖੀਰੀ ਦੀ ਹਿੰਸਾ ਦੀ ਘਟਨਾ ’ਚ ਚਾਰ ਕਿਸਾਨਾਂ ਦੀ ਮੌਤ ਹੋਣ ਦੇ ਰੋਸ ਵਜੋਂ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਹ ਬੰਦ ਦਾ ਸੱਦਾ ਮਹਾਰਾਸ਼ਟਰ ਸਰਕਾਰ ’ਚ ਸ਼ਾਮਲ ਤਿੰਨ ਭਾਈਵਾਲਾਂ ਸ਼ਿਵ ਸੈਨਾ, ਐੱਨਸੀਪੀ ਤੇ ਕਾਂਗਰਸ ਨੇ ਦਿੱਤਾ ਹੈ। ਐੱਨਸੀਪੀ ਦੇ ਬੁਲਾਰੇ ਰਾਜ ਮੰਤਰੀ ਨਵਾਬ ਮਲਿਕ ਨੇ ਕਿਹਾ ਕਿ ਸੂਬੇ ’ਚ ਅੱਜ ਰਾਤ 12 ਵਜੇ ਤੋਂ ਬੰਦ ਸ਼ੁਰੂ ਹੋਵੇਗਾ। ਉਨ੍ਹਾਂ ਕਿਹਾ ਕਿ ਬੰਦ ਦੀ ਕਾਮਯਾਬੀ ਲਈ ਐੱਨਸੀਪੀ, ਸ਼ਿਵ ਸੈਨਾ ਤੇ ਕਾਂਗਰਸ ਦੇ ਵਰਕਰਾਂ ਵੱਲੋਂ ਆਮ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ, ‘ਪਹਿਲਾਂ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਨੇ ਤਿੰਨ ਨਵੇਂ ਖੇਤੀ ਕਾਨੂੰਨਾਂ ਰਾਹੀਂ ਖੇਤੀ ਉਤਪਾਦਾਂ ਦੀ ਲੁੱਟ ਦੀ ਇਜਾਜ਼ਤ ਦੇ ਦਿੱਤੀ ਅਤੇ ਹੁਣ ਭਾਜਪਾ ਦੇ ਮੰਤਰੀਆਂ ਦੇ ਬੱਚੇ ਕਿਸਾਨਾਂ ਨੂੰ ਕਤਲ ਕਰ ਰਹੇ ਹਨ। ਸਾਨੂੰ ਕਿਸਾਨਾਂ ਨਾਲ ਇਕਜੁੱਟਤਾ ਦਿਖਾਉਣੀ ਚਾਹੀਦੀ ਹੈ।’ ਐੱਮਵੀਏ ਨੇ ਮੰਗ ਕੀਤੀ ਕਿ ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਅਹੁਦੇ ਤੋਂ ਹਟਾਇਆ ਜਾਵੇ। -ਪੀਟੀਆਈ