ਨਵੀਂ ਦਿੱਲੀ, 12 ਮਾਰਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਆਡ ਸਮੂਹ ਦੇ ਪਹਿਲੇ ਸਿਖਰ ਸੰਮੇਲਨ ਮੌਕੇ ਬੋਲਦਿਆਂ ਕਿਹਾ ਕਿ ਇਹ ਗੱਠਜੋੜ ਵਿਕਸਿਤ ਹੋ ਚੁੱਕਾ ਹੇ ਅਤੇ ਟੀਕਾ, ਜਲਵਾਯੂ ਤਬਦੀਲੀ, ਉੱਭਰਦੀ ਤਕਨੀਕ ਵਰਗੇ ਖੇਤਰ ਇਸ ਦੇ ਏਜੰਡੇ ’ਚ ਸ਼ਾਮਲ ਹੋਣ ਨਾਲ ਇਹ ਆਲਮੀ ਭਲਾਈ ਦੀ ਤਾਕਤ ਬਣੇਗਾ। ਚਾਰ ਦੇਸ਼ਾਂ ਦੇ ਕੁਆਡ ਸਮੂਹ ਦੇ ਡਿਜੀਟਲ ਸਿਖਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਜਮਹੂਰੀ ਕੀਮਤਾਂ ਅਤੇ ਮੁਕਤ ਤੇ ਖੁੱਲ੍ਹੇ ਹਿੰਦ-ਪ੍ਰਸ਼ਾਤ ਖਿੱਤੇ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ, ‘ਅਸੀਂ ਆਪਣੇ ਜਮਹੂਰੀ ਮੁੱਲਾਂ ਅਤੇ ਮੁਕਤ ਤੇ ਖੁੱਲ੍ਹੇ ਹਿੰਦ-ਪ੍ਰਸ਼ਾਂਤ ਖਿੱਤੇ ਨੂੰ ਲੈ ਕੇ ਆਪਣੀ ਵਚਨਬੱਧਤਾ ਲਈ ਇਕਜੁੱਟ ਹਾਂ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘ਅੱਜ ਸਾਡੇ ਏਜੰਡੇ ’ਚ ਟੀਕਾ, ਜਲਵਾਯੂ ਤਬਦੀਲੀ, ਉੱਭਰਦੀ ਤਕਨੀਕ ਵਰਗੇ ਖੇਤਰ ਹਨ, ਜੋ ‘ਕੁਆਡ’ ਨੂੰ ਆਲਮੀ ਭਲਾਈ ਦੀ ਤਾਕਤ ਬਣਾਉਂਦੇ ਹਨ।’ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ, ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਅਤੇ ਅਮਰੀਕਾ ਦੇ ਰਾਸ਼ਟਰਪਤੀ ਜੋਸੇਫ ਆਰ. ਬਾਇਡਨ ਨਾਲ ਚਾਰ ਦੇਸ਼ੀ ਸਮੂਹ ਦੇ ਨੇਤਾਵਾਂ ਦੇ ਪਹਿਲੇ ਆਨਲਾਈਨ ਸੰਮੇਲਨ ’ਚ ਸ਼ਾਮਲ ਹੋਏ। ਸ੍ਰੀ ਮੋਦੀ ਨੇ ਕਿਹਾ, ‘ਮੈਂ ਇਸ ਸਕਾਰਾਤਮਕ ਦ੍ਰਿਸ਼ਟੀਕੋਣ ਨੂੰ ਭਾਰਤ ਦੇ ‘ਵਾਸੂਦੇਵ ਕੁਟੰਬਟਮ’ ਦੇ ਫ਼ਲਸਫ਼ੇ ਦੇ ਵਿਸਤਾਰ ਵਜੋਂ ਦੇਖਦਾ ਹਾਂ, ਜੋ ਕਿ ਪੂਰੀ ਦੁਨੀਆਂ ਨੂੰ ਇੱਕ ਪਰਿਵਾਰ ਮੰਨਦਾ ਹੈ।’ ਉਨ੍ਹਾਂ ਕਿਹਾ ਕਿ ਸਾਂਝੀਆਂ ਕੀਮਤਾਂ ਨੂੰ ਅੱਗੇ ਵਧਾਉਣ ਅਤੇ ਸੁਰੱਖਿਅਤ, ਸਥਿਰ, ਖੁਸ਼ਹਾਲ ਹਿੰਦ-ਪ੍ਰਸ਼ਾਂਤ ਖੇਤਰ ਲਈ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵੱਧ ਮਿਲਜੁਲ ਕੇ ਨੇੜਤਾ ਕੀਤਾ ਜਾਵੇਗਾ। ਮੋਦੀ ਨੇ ਕਿਹਾ, ‘ਅੱਜ ਦਾ ਸੰਮੇਲਨ ਦੱਸਦਾ ਹੈ ਕਿ ‘ਕੁਆਡ’ ਵਿਕਸਿਤ ਹੋ ਚੁੱਕਾ ਹੈ ਤੇ ਇਹ ਹੁਣ ਖਿੱਤੇ ’ਚ ਸਥਿਰਤਾ ਦਾ ਇੱਕ ਅਹਿਮ ਸਤੰਭ ਬਣਿਆ ਰਹੇਗਾ।’ ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਕਿਹਾ ਕਿ ਹਿੰਦ-ਪ੍ਰਸ਼ਾਤ ਖਿੱਤੇ ’ਚ ਸਹਿਯੋਗ ਲਈ ‘ਕੁਆਡ’ ਅਹਿਮ ਪਲੈਟਫਾਰਮ ਬਣਨ ਜਾ ਰਿਹਾ ਹੈ। ਆਉਣ ਵਾਲੇ ਸਾਲਾਂ ਵਿੱਚ ਮੈਂ ਤੁਹਾਡੇ ਸਾਰਿਆਂ ਨਾ ਮਿਲ ਕੇ ਕੰਮ ਕਰਨ ਲਈ ਉਤਸੁਕ ਹਾਂ।’ ਉਨ੍ਹਾਂ ਕਿਹਾ, ‘ਅਸੀਂ ਆਪਣੀਆਂ ਵਚਨਬੱਧਤਾਵਾਂ ਜਾਣਦੇ ਹਾਂ।’ -ਪੀਟੀਆਈ