ਵਾਸ਼ਿੰਗਟਨ, 13 ਮਾਰਚ
ਅਮਰੀਕਾ, ਭਾਰਤ, ਆਸਟਰੇਲੀਆ ਅਤੇ ਜਪਾਨ ਦੇ ਆਗੂਆਂ ਨੇ ਕੁਆਡ ਮੁਲਕਾਂ ਦੀ ਪਹਿਲੀ ਮੀਟਿੰਗ ਦੌਰਾਨ ਚੀਨ ਵੱਲੋਂ ਪੇਸ਼ ਚੁਣੌਤੀਆਂ ’ਤੇ ਚਰਚਾ ਕੀਤੀ ਅਤੇ ਉਨ੍ਹਾਂ ਸਪੱਸ਼ਟ ਕੀਤਾ ਕਿ ਪੇਈਚਿੰਗ ਨੂੰ ਲੈ ਕੇ ਉਹ ਕਿਸੇ ਵੀ ਭੁਲੇਖੇ ’ਚ ਨਹੀਂ ਹਨ। ਇਹ ਗੱਲ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਨ ਨੇ ਕਹੀ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਆਸਟਰੇਲਿਆਈ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਅਤੇ ਜਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਵਿਚਾਲੇ ਇਤਿਹਾਸਕ ਡਿਜੀਟਲ ਕੁਆਡ ਸਿਖਰ ਸੰਮੇਲਨ ਮਗਰੋਂ ਵ੍ਹਾਈਟ ਹਾਊਸ ’ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਅਮਰੀਕਾ ਦੇ ਉੱਚ ਅਧਿਕਾਰੀ ਨੇ ਕਿਹਾ ਕਿ ਚਾਰੋਂ ਆਗੂਆਂ ਨੇ ਦੱਖਣੀ ਤੇ ਪੂਰਬੀ ਚੀਨੀ ਸਾਗਰ ’ਚ ਆਵਾਜਾਈ ਦੀ ਆਜ਼ਾਦੀ ਅਤੇ ਜ਼ੋਰ-ਜ਼ਬਰਦਸਤੀ ਤੋਂ ਆਜ਼ਾਦੀ ਸਮੇਤ ਖੇਤਰੀ ਮੁੱਦਿਆਂ, ਉੱਤਰ ਕੋਰੀਆ ਪ੍ਰਮਾਣੂ ਮਸਲਾ ਅਤੇ ਮਿਆਂਮਾਰ ’ਚ ਰਾਜ ਪਲਟੇ ਤੇ ਹਿੰਸਾ ਬਾਰੇ ਚਰਚਾ ਕੀਤੀ। -ਪੀਟੀਆਈ