ਨਵੀਂ ਦਿੱਲੀ, 7 ਅਗਸਤ
ਮੁੱਖ ਅੰਸ਼
- ਕਤਰ ਦੇ ਵਿਸ਼ੇਸ਼ ਸਫ਼ੀਰ ਨੇ ਵਿਦੇਸ਼ ਮੰਤਰੀ ਜੈਸ਼ੰਕਰ ਨਾਲ ਕੀਤੀ ਮੁਲਾਕਾਤ
- ਅਫ਼ਗਾਨ ਸ਼ਾਂਤੀਵਾਰਤਾ ਵਿਚ ਅਹਿਮ ਭੂੁਮਿਕਾ ਨਿਭਾ ਚੁੱਕਾ ਹੈ ਕਤਰ
ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਕਤਰ ਦੇ ਵਿਸ਼ੇਸ਼ ਸਫ਼ੀਰ ਮੁਤਲਕ ਬਿਨ ਮਾਜਿਦ ਅਲ-ਕਹਿਤਾਨੀ ਨਾਲ ਮੁਲਾਕਾਤ ਕੀਤੀ। ਜੈਸ਼ੰਕਰ ਨੇ ਕਤਰ ਦੇ ਵਿਸ਼ੇਸ਼ ਪ੍ਰਤੀਨਿਧੀ ਨੂੰ ਦੱਸਿਆ ਕਿ ‘ਅਫ਼ਗਾਨਿਸਤਾਨ ਦਾ ਮਸਲਾ ਕਾਫ਼ੀ ਗੰਭੀਰ’ ਹੈ। ਕਤਰੀ ਵਿਦੇਸ਼ ਮੰਤਰਾਲੇ ਦੇ ਵਿਸ਼ੇਸ਼ ਸਫ਼ੀਰ ਜੋ ਕਿ ਦਹਿਸ਼ਤਗਰਦੀ ਤੇ ਟਕਰਾਅ ਦੇ ਹੱਲ ਲਈ ਕੰਮ ਕਰਦੇ ਹਨ, ਭਾਰਤ ਦੇ ਦੌਰੇ ਉਤੇ ਹਨ। ਉਹ ਇੱਥੇ ਅਫ਼ਗਾਨਿਸਤਾਨ ਦੀ ਤਾਜ਼ਾ ਸਥਿਤੀ ਉਤੇ ਵਿਚਾਰ-ਵਟਾਂਦਰਾ ਕਰਨ ਲਈ ਆਏ ਹਨ। ਕਈ ਟਵੀਟ ਕਰਦਿਆਂ ਜੈਸ਼ੰਕਰ ਨੇ ਕਿਹਾ ਕਿ ਅਫ਼ਗਾਨਿਸਤਾਨ ਦਾ ਮਸਲਾ ਹੱਲ ਕਰਨ ਲਈ, ਉੱਥੇ ਸ਼ਾਂਤੀ ਤੇ ਸਥਿਰਤਾ ਕਾਇਮ ਕਰਨ ਲਈ ਸਾਰੇ ਵਰਗਾਂ ਦੇ ਹੱਕਾਂ ਤੇ ਹਿੱਤਾਂ ਦਾ ਖਿਆਲ ਰੱਖਣਾ ਜ਼ਰੂਰੀ ਹੈ। ਉਨ੍ਹਾਂ ਇਹ ਭਾਰਤ ਦੌਰਾ ਉਦੋਂ ਕੀਤਾ ਹੈ ਜਦ ਅਫ਼ਗਾਨਿਸਤਾਨ ਵਿਚ ਤਾਲਿਬਾਨ ਦਾ ਰਸੂਖ਼ ਵਧ ਰਿਹਾ ਹੈ। ਸ਼ੁੱਕਰਵਾਰ ਕਤਰੀ ਸਫ਼ੀਰ ਨੇ ਵਿਦੇਸ਼ ਮੰਤਰਾਲੇ ਦੀ ਪਾਕਿਸਤਾਨ-ਅਫ਼ਗਾਨਿਸਤਾਨ-ਇਰਾਨ ਡਿਵੀਜ਼ਨ ਦੇ ਸਾਂਝੇ ਸਕੱਤਰ ਜੇਪੀ ਸਿੰਘ ਨਾਲ ਮੁਲਾਕਾਤ ਕੀਤੀ ਸੀ। -ਪੀਟੀਆਈ