ਚਰਨਜੀਤ ਭੁੱਲਰ
ਚੰਡੀਗੜ੍ਹ, 20 ਜਨਵਰੀ
ਹਿਮਾਚਲ ਪ੍ਰਦੇਸ਼ ਦੀ ਸੈਰਗਾਹ ਮਨਾਲੀ ਦੀ ਪੁਲੀਸ ਨੇ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਅਨੋਖੇ ਤਰੀਕੇ ਨਾਲ ਪ੍ਰਚਾਰ ਕਰਨ ਵਾਲੇ ਕੁਲਵੀਰ ਸਿੰਘ ਨੂੰ ਪੰਜ ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਹੈ। ਕੁਲਵੀਰ ਸਿੰਘ ਜ਼ਿਲ੍ਹਾ ਲੁਧਿਆਣਾ ਦਾ ਵਸਨੀਕ ਹੈ ਤੇ ਉਹ ਇਕੱਲਾ ਹੀ ਆਪਣੇ ਤਰੀਕੇ ਨਾਲ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਚਾਰ ਵਿਚ ਕੁੱਦਿਆ ਹੋਇਆ ਹੈ। ਉਸ ਨੇ ਮਨਾਲੀ ਦੀ ਮਾਲ ਰੋਡ ’ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਭਾਸ਼ਣ ਦਿੱਤਾ। ਉਸ ਨੇ ਆਪਣੇ ਭਾਸ਼ਣ ਵਿਚ ਖੇਤੀ ਕਾਨੂੰਨਾਂ ਦੇ ਨੁਕਸਾਨਾਂ ਬਾਰੇ ਤੇ ਸਮਾਜ ਦੇ ਹਰ ਤਬਕੇ ਨੂੰ ਹੋਣ ਵਾਲੇ ਨੁਕਸਾਨਾਂ ਬਾਰੇ ਦੱਸਿਆ। ਉਸ ਨੇ ਨੌਜਵਾਨ ਵਰਗ ਨੂੰ ਜਾਗਰੂਕ ਹੋਣ ਦਾ ਸੱਦਾ ਵੀ ਦਿੱਤਾ। ਕੁਲਵੀਰ ਨੇ ਮਨਾਲੀ ਘੁੰਮਣ ਆਏ ਸੈਲਾਨੀਆਂ ਨੂੰ ਸੱਦਾ ਦਿੱਤਾ ਕਿ ਉਹ ਸਿੰਘੂ ਬਾਰਡਰ ’ਤੇ ਜਾਣ। ਮਨਾਲੀ ਪੁਲੀਸ ਨੇ ਪਤਾ ਲੱਗਦੇ ਹੀ ਉਸ ਨੂੰ ਰੋਕ ਦਿੱਤਾ ਅਤੇ ਪੰਜ ਹਜ਼ਾਰ ਰੁਪਏ ਦਾ ਚਲਾਨ ਕੱਟ ਦਿੱਤਾ। ਉਸ ਨੇ ਚਲਾਨ ਕਟਾਉਣ ਮਗਰੋਂ ਇਸ ਚਲਾਨ ਨੂੰ ਗੋਲਡ ਮੈਡਲ ਦੱਸਿਆ ਅਤੇ ਆਪਣਾ ਪ੍ਰਚਾਰ ਜਾਰੀ ਰੱਖਣ ਦਾ ਅਹਿਦ ਕੀਤਾ। ਕੁਲਵੀਰ ਸਿੰਘ ਪਹਿਲਾਂ ਹਵਾਈ ਜਹਾਜ਼ ਵਿਚ ਵੀ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਚਾਰ ਕਰ ਚੁੱਕਾ ਹੈ ਜਿਸ ਤੋਂ ਉਹ ਚਰਚਾ ਵਿਚ ਆਇਆ। ਮਗਰੋਂ ਉਸ ਨੇ ਕਾਲਕਾ-ਸ਼ਿਮਲਾ ਰੇਲਗੱਡੀ ਵਿਚ ਖੇਤੀ ਕਾਨੂੰਨਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ। ਉਹ ਤਾਜ ਮਹਿਲ ’ਚ ਜਾ ਕੇ ਵੀ ਪ੍ਰਚਾਰ ਕਰ ਆਇਆ ਹੈ। ਹੁਣ ਉਹ ਵੱਖ-ਵੱਖ ਸੂਬਿਆਂ ਦੇ ਸ਼ਹਿਰਾਂ ਵਿਚ ਘੁੰਮ ਕੇ ਆਪਣਾ ਯੋਗਦਾਨ ਪਾ ਰਿਹਾ ਹੈ।
ਮਨਾਲੀ ਪੁਲੀਸ ਦੀ ਕਾਰਵਾਈ ਮਗਰੋਂ ਕੁਲਵੀਰ ਸਿੰਘ ਨੇ ਕਿਹਾ ਕਿ ਸੰਘਰਸ਼ ਕਰਨੇ ਸੌਖੇ ਨਹੀਂ ਹਨ। ਬੇਇੱਜ਼ਤੀ ਸਹਿਣੀ ਪੈਂਦੀ ਤੇ ਪੱਲਿਓਂ ਪੈਸੇ ਵੀ ਖਰਚਣੇ ਪੈਂਦੇ ਹਨ। ਕੁਲਵੀਰ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿਚ ਭਾਜਪਾ ਦੀ ਸਰਕਾਰ ਕਿਸਾਨਾਂ ਨੂੰ ਪ੍ਰਚਾਰ ਤੋਂ ਰੋਕ ਰਹੀ। ਉਸ ਦਾ ਕਹਿਣਾ ਸੀ ਕਿ ਮਨਾਲੀ ਪੁਲੀਸ ਨੇ ਉਸ ਨੂੰ ਥਾਣੇ ਵਿਚ ਤਿੰਨ-ਚਾਰ ਘੰਟੇ ਜ਼ਲੀਲ ਕੀਤਾ ਪਰ ਉਹ ਆਪਣਾ ਮਿਸ਼ਨ ਜਾਰੀ ਰੱਖੇਗਾ।