ਮੁੰਬਈ, 10 ਮਾਰਚ
ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਮੁਖੀ ਸ਼ਰਦ ਪਵਾਰ ਨੇ ਅੱਜ ਕਿਹਾ ਕਿ ਪੰਜਾਬ ਦੇ ਚੋਣ ਨਤੀਜੇ ਕਾਂਗਰਸ ਲਈ ਝਟਕਾ ਹਨ ਜਦਕਿ ਆਮ ਆਦਮੀ ਪਾਰਟੀ (ਆਪ) ਨੂੰ ਉਸ ਦੀ ਸਰਕਾਰ ਵੱਲੋਂ ਦਿੱਲੀ ’ਚ ਕੀਤੇ ਪ੍ਰਦਰਸ਼ਨ ਦਾ ਫਾਇਦਾ ਮਿਲਿਆ ਹੈ। ਪਵਾਰ ਨੇ ਇਸ ਗੱਲ ਦੀ ਵੀ ਪੈਰਵੀ ਕੀਤੀ ਕਿ ਵਿਰੋਧੀ ਪਾਰਟੀਆਂ ਨੂੰ ਨਾਲ ਲੈ ਕੇ ਭਾਜਪਾ ਦਾ ਬਦਲ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ। ਸਾਬਕਾ ਕੇਂਦਰੀ ਮੰਤਰੀ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ, ‘ਪੰਜਾਬ ਉਹ ਸੂਬਾ ਹੈ ਜਿੱਥੇ ਕਾਂਗਰਸ ਸੱਤਾ ’ਚ ਹੈ। ਪੰਜਾਬ ’ਚ ਤਬਦੀਲੀ ਭਾਜਪਾ ਲਈ ਵੀ ਢੁੱਕਵੀਂ ਨਹੀਂ ਹੈ। ਨਤੀਜਿਆਂ ਨਾਲ ਕਾਂਗਰਸ ਨੂੰ ਝਟਕਾ ਲੱਗਾ ਹੈ।’ ਪਵਾਰ ਨੇ ਕਿਹਾ ਕਿ ‘ਆਪ’ ਦੇ ਦਿੱਲੀ ਦੇ ਸ਼ਾਸਨ ਨੇ ਉਸ ਦੀ ਪੰਜਾਬ ’ਚ ਮਦਦ ਕੀਤੀ ਕਿਉਂਕਿ ਕੌਮੀ ਰਾਜਧਾਨੀ ’ਚ ਰਹਿਣ ਵਾਲੇ ਆਮ ਲੋਕਾਂ ਨੇ ਕੇਜਰੀਵਾਲ ਦੀ ਅਗਵਾਈ ਹੇਠਲੀ ਪਾਰਟੀ ਨੂੰ ਸਵੀਕਾਰ ਕੀਤਾ ਹੈ। ਉਨ੍ਹਾਂ ਘੱਟੋ ਘੱਟ ਸਾਂਝਾ ਪ੍ਰੋਗਰਾਮ ਦੇ ਆਧਾਰ ’ਤੇ ਵਿਰੋਧੀ ਪਾਰਟੀਆਂ ਨੂੰ ਨਾਲ ਲੈ ਕੇ ਭਾਜਪਾ ਖ਼ਿਲਾਫ਼ ਇੱਕ ਪ੍ਰਭਾਵਸ਼ਾਲੀ ਬਦਲ ਦੇਣ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਜ਼ਰੂਰਤ ਦੱਸੀ। ਉਨ੍ਹਾਂ ਕਿਹਾ, ‘ਮੈਂ ਇਹ ਨਹੀਂ ਕਹਿ ਰਿਹਾ ਕਿ ਇਹ ਭਲਕੇ ਹੀ ਹੋ ਜਾਵੇਗਾ। ਸੰਸਦ ਦਾ ਸੈਸ਼ਨ 14 ਮਾਰਚ ਤੋਂ ਸ਼ੁਰੂ ਹੋਵੇਗਾ। ਅਸੀਂ ਇੱਕ ਮਹੀਨਾ ਉੱਥੇ ਰਹਾਂਗੇ। ਅਸੀਂ ਨਾਲ ਬੈਠਾਂਗੇ, ਚਰਚਾ ਕਰਾਂਗੇ ਤੇ ਭਵਿੱਖੀ ਕਾਰਵਾਈ ਬਾਰੇ ਫ਼ੈਸਲਾਂ ਕਰਾਂਗੇ।’ -ਪੀਟੀਆਈ