ਨਵੀਂ ਦਿੱਲੀ, 14 ਫਰਵਰੀ
ਕੇਂਦਰੀ ਰਿਜ਼ਰਵ ਪੁਲੀਸ ਬਲ (ਸੀਆਰਪੀਐੱਫ) ਨੇ ਅੱਜ ਕਿਹਾ ਕਿ ਦੇਸ਼ ਨੇ ਪੁਲਵਾਮਾ ਹਮਲੇ (2019), ਜਿਸ ਵਿੱਚ ਸੀਆਰਪੀਐੱਫ ਦੇ 40 ਜਵਾਨ ਸ਼ਹੀਦ ਹੋਏ, ਦੇ ਦੋਸ਼ੀਆਂ ਨੂੰ ‘ਮੁਆਫ਼ ਨਹੀਂ ਕੀਤਾ’ ਅਤੇ ‘ਨਾ ਹੀ ਜਵਾਨਾਂ ਦੀ ਸ਼ਹੀਦੀ ਨੂੰ ਭੁਲਾਏਗਾ।’
ਪੁਲਵਾਮਾ ਹਮਲੇ ਦੀ ਦੂਜੀ ਬਰਸੀ ਮੌਕੇ ਜੰਮੂ-ਕਸ਼ਮੀਰ ਦੇ ਲੇਥਪੋਰਾ ’ਚ ਸੀਆਰਪੀਐੱਫ ਕੈਂਪ ’ਚ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਸਮਾਗਮ ਕੀਤਾ ਗਿਆ। ਇਸ ਸਮਾਗਮ ’ਚ ਦਿੱਲੀ ਹੈੱਡਕੁਆਰਟਰ ਤੋਂ ਵਰਚੁਅਲ ਢੰਗ ਨਾਲ ਸ਼ਾਮਲ ਹੋਏ ਸੀਆਰਪੀਐੱਫ ਦੇ ਤਰਜਮਾਨ ਡੀਆਈਜੀ ਮੋਸੇਸ ਧੀਨਾਕਰਨ ਨੇ ਕਿਹਾ, ‘ਦੇਸ਼ ਨੇ ਮੁਆਫ਼ ਨਹੀਂ ਕੀਤਾ, ਦੇਸ਼ ਨਹੀਂ ਭੁੱਲੇਗਾ: ਸਾਡੇ ਬਹਾਦਰ ਭਰਾਵਾਂ ਨੂੰ ਸਲਾਮ, ਜਿਨ੍ਹਾਂ ਨੇ #ਪੁਲਵਾਮਾ ਹਮਲੇ ’ਚ ਦੇਸ਼ ਲਈ ਕੁਰਬਾਨੀ ਦਿੱਤੀ।’ ਟਵਿੱਟਰ ’ਤੇ ਇੱਕ ਪੋਸਟ ’ਚ ਕਿਹਾ ਗਿਆ, ‘ਅਸੀਂ ਆਪਣੇ ਬਹਾਦਰ ਭਰਾਵਾਂ ਦੇ ਪਰਿਵਾਰਾਂ ਨਾਲ ਖੜ੍ਹੇ ਹਾਂ।’ ਇਸੇ ਦੌਰਾਨ ਸੀਆਰਪੀਐੱਫ ਦੇ ਡਾਇਰੈਕਟਰ ਜਨਰਲ ਏ.ਪੀ. ਮਹੇਸ਼ਵਰੀ ਵੱਲੋਂ ਡਿਊਟੀ ਦੌਰਾਨ ਸ਼ਹੀਦ ਹੋਏ 40 ਜਵਾਨਾਂ ਨੂੰ ਸਮਰਪਿਤ ਇੱਕ ‘ਵੀਡੀਓ ਬੁੱਕ’ ਵੀ ਜਾਰੀ ਕੀਤੀ ਗਈ। ਤਰਜਮਾਨ ਨੇ ਉਨ੍ਹਾਂ ਦੇ ਹਵਾਲੇ ਨਾਲ ਕਿਹਾ, ‘ਬਹਾਦਰੀ ਸਾਨੂੰ ਵਿਰਾਸਤ ’ਚ ਮਿਲੀ ਹੈ, ਜੋ ਖ਼ੂਨ ਬਣ ਕੇ ਸਾਡੀਆਂ ਰਗਾਂ ’ਚ ਵਹਿੰਦੀ ਹੈ।’
ਸ੍ਰੀ ਧੀਨਾਕਰਨ ਨੇ ਕਿਹਾ, ‘ਤਿੰਨ ਸੌ (300) ਮਿੰਟਾਂ ਦੀ ਇਸ ਵੀਡੀਓ ਬੁੱਕ ’ਚ 80 ਐਪੀਸੋਡ ਸ਼ਾਮਲ ਹਨ। ਪੁਲਵਾਮਾ ਆਤਮਘਾਤੀ ਬੰਬ ਹਮਲੇ ’ਚ ਸ਼ਹੀਦ ਹੋਏ ਹਰੇਕ ਜਵਾਨ ਦੇ ਪਰਿਵਾਰ ਨੂੰ ਕਿਤਾਬ ਦੀ ਇੱਕ-ਇੱਕ ਕਾਪੀ ਭੇਜੀ ਜਾਵੇਗੀ।’ -ਪੀਟੀਆਈ
ਸਾਨੂੰ ਸੁਰੱਖਿਆ ਬਲਾਂ ’ਤੇ ਮਾਣ: ਪ੍ਰਧਾਨ ਮੰਤਰੀ ਮੋਦੀ
ਚੇਨੱਈ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਲਵਾਮਾ ਹਮਲੇ ’ਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਦੇਸ਼ ਨੂੰ ਸੁਰੱਖਿਆ ਬਲਾਂ ’ਤੇ ਮਾਣ ਹੈ। ਇੱਥੇ ਇੱਕ ਸਮਾਗਮ ’ਚ ਉਨ੍ਹਾਂ ਕਿਹਾ, ‘ਕੋਈ ਵੀ ਭਾਰਤੀ ਇਸ ਦਿਨ ਨੂੰ ਨਹੀਂ ਭੁੱਲ ਸਕਦਾ। ਦੋ ਸਾਲ ਪਹਿਲਾਂ ਪੁਲਵਾਮਾ ਹਮਲਾ ਹੋਇਆ। ਸਾਰੇ ਸ਼ਹੀਦਾਂ ਨੂੰ ਅਸੀਂ ਸ਼ਰਧਾਂਜਲੀ ਭੇਟ ਕਰਦੇ ਹਾਂ। ਸਾਨੂੰ ਸਾਡੇ ਸੁਰੱਖਿਆ ਬਲਾਂ ’ਤੇ ਮਾਣ ਹੈ। ਉਨ੍ਹਾਂ ਦੀ ਬਹਾਦਰੀ ਪੀੜੀਆਂ ਤਕ ਪ੍ਰੇਰਿਤ ਕਰਦੀ ਰਹੇਗੀ।’ ਉਨ੍ਹਾਂ ਕਿਹਾ ਕਿ ਹਥਿਆਰਬੰਦ ਸੈਨਾਵਾਂ ਨੇ ਕਈ ਵਾਰ ਦਿਖਾਇਆ ਹੈ ਅਤੇ ਹੁਣ ਫਿਰ ਉਹ ਦੇਸ਼ ਦੀ ਰੱਖਿਆ ਕਰਨ ਲਈ ਪੂਰੀ ਤਰ੍ਹਾਂ ਸਮਰੱਥ ਹਨ। ਉਨ੍ਹਾਂ ਕਿਹਾ, ‘ਭਾਰਤ ਸ਼ਾਂਤੀ ’ਚ ਯਕੀਨ ਰੱਖਦਾ ਹੈ ਪਰ ਕਿਸੇ ਵੀ ਕੀਮਤ ’ਤੇ ਆਪਣੀ ਪ੍ਰਭੂਸੱਤਾ ਦੀ ਰੱਖਿਆ ਕਰੇਗਾ। ਸੁਰੱਖਿਆ ਬਲਾਂ ਦੀ ਤਾਕਤ ਅਤੇ ਸਬਰ ਸ਼ਕਤੀ ਗ਼ੈਰਸਧਾਰਨ ਹੈ।’ -ਪੀਟੀਆਈ