ਨਵੀਂ ਦਿੱਲੀ, 14 ਫਰਵਰੀ
ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਦੋ ਸਾਲ ਪਹਿਲਾਂ ਹੋਏ ਅਤਿਵਾਦੀ ਹਮਲੇ ਵਿੱਚ ਆਪਣੇ 40 ਜਵਾਨਾਂ ਨੂੰ ਗੁਆਉਣ ਵਾਲੇ ਸੀਆਰਪੀਐੱਫ ਨੇ ਅੱਜ ਉਨ੍ਹਾਂ ਦੀ ਬਰਸੀ ਮੌਕੇ ਕਿਹਾ ਕਿ ਦੇਸ਼ ਹਮਲੇ ਦੇ ਜ਼ਿੰਮੇਵਾਰਾਂ ਨੂੰ ‘ਮੁਆਫ਼ ਨਹੀਂ ਕਰੇਗਾ’ ਅਤੇ ਨਾ ਹੀ ਜਵਾਨਾਂ ਦੀ ਸ਼ਹਾਦਤ ਨੂੰ ‘ਭੁਲੇਗਾ’। ਹਮਲੇ ਦੀ ਦੂਜੀ ਬਰਸੀ ਮੌਕੇ ਜੰਮੂ ਕਸ਼ਮੀਰ ਦੇ ਲੇਠਪੁਰਾ ਵਿੱਚ ਸੀਆਰਪੀਐੱਫ ਕੈਂਪ ਵਿੱਚ ਇੱਕ ਸ਼ਰਧਾਂਜਲੀ ਪ੍ਰੋਗਰਾਮ ਕਰਵਾਇਆ ਗਿਆ। ਨੀਮ ਫੌਜੀ ਬਲ ਦੇ ਦਿੱਲੀ ਮੁੱਖ ਦਫ਼ਤਰ ਤੋਂ ਸੀਨੀਅਰ ਅਫਸਰਾਂ ਨੇ ਡਿਜੀਟਲ ਮਾਧਿਅਮ ਰਾਹੀਂ ਪ੍ਰੋਗਰਾਮ ਵਿੱਚ ਹਿੱਸਾ ਲਿਆ।
ਸੀਆਰਪੀਐੱਫ ਦੇ ਬੁਲਾਰੇ ਡੀਆਈਜੀ ਮੌਜੇਜ ਦਿਨਾਕਰਨ ਨੇ ਇਹ ਜਾਣਕਾਰੀ ਦਿੱਤੀ। ਸੀਆਰਪੀਐੱਫ ਨੇ ਟਵੀਟ ਕੀਤਾ, ‘‘ਨਾ ਮੁਆਫ਼ ਕਰਾਂਗੇ ਅਤੇ ਨਾ ਭੁੱਲਾਂਗੇ। ਪੁਲਵਾਮਾ ਹਮਲੇ ਵਿੱਚ ਦੇਸ਼ ਲਈ ਮਹਾਨ ਕੁਰਬਾਨੀਆਂ ਦੇਣ ਵਾਲੇ ਸਾਡੇ ਭਰਾਵਾਂ ਨੂੰ ਸਲਾਮ। ਅਸੀਂ ਆਪਣੇ ਵੀਰ ਜਵਾਨਾਂ ਦੇ ਪਰਿਵਾਰਾਂ ਨਾਲ ਖੜ੍ਹੇ ਹਾਂ।’’ ਪੁਲਵਾਮਾ ਹਮਲੇ ਮਗਰੋਂ ਭਾਰਤੀ ਹਵਾਈ ਫੌਜ ਨੇ 26 ਫਰਵਰੀ ਨੂੰ ਪਾਕਿਸਤਾਨ ਦੇ ਬਾਲਾਕੋਟ ਵਿੱਚ ਅਤਿਵਾਦੀ ਕੈਂਪ ’ਤੇ ਹਵਾਈ ਹਮਲਾ ਕੀਤਾ ਸੀ। ਸੀਆਰਪੀਐੱਫ ਦੇ ਡੀਜੀ ਏਪੀ ਮਹੇਸ਼ਵਰੀ ਨੇ ਡਿਊਟੀ ਦੌਰਾਨ ਜਾਨ ਗੁਆਉਣ ਵਾਲੇ 40 ਜਵਾਨਾਂ ਨੂੰ ਸਮਰਪਿਤ ਵੀਡੀਓ ਬੁੱਕ ਵੀ ਜਾਰੀ ਕੀਤੀ। ਉਨ੍ਹਾਂ ਕਿਹਾ, ‘‘ਬਹਾਦਰੀ ਸਾਨੂੰ ਵਿਰਾਸਤ ਵਿੱਚ ਮਿਲੀ ਹੈ, ਜੋ ਸਾਡੀਆਂ ਰਗਾਂ ਵਿੱਚ ਖੂਨ ਵਾਂਗ ਦੌੜ ਰਹੀ ਹੈ।’’ -ਪੀਟੀਆਈ
ਸਾਨੂੰ ਸੁਰੱਖਿਆ ਬਲਾਂ ’ਤੇ ਮਾਣ: ਪ੍ਰਧਾਨ ਮੰਤਰੀ ਮੋਦੀ
ਚੇਨੱਈ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਲਵਾਮਾ ਹਮਲੇ ’ਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਦੇਸ਼ ਨੂੰ ਸੁਰੱਖਿਆ ਬਲਾਂ ’ਤੇ ਮਾਣ ਹੈ। ਇੱਥੇ ਇੱਕ ਸਮਾਗਮ ’ਚ ਉਨ੍ਹਾਂ ਕਿਹਾ, ‘ਕੋਈ ਵੀ ਭਾਰਤੀ ਇਸ ਦਿਨ ਨੂੰ ਨਹੀਂ ਭੁੱਲ ਸਕਦਾ। ਦੋ ਸਾਲ ਪਹਿਲਾਂ ਪੁਲਵਾਮਾ ਹਮਲਾ ਹੋਇਆ। ਸਾਰੇ ਸ਼ਹੀਦਾਂ ਨੂੰ ਅਸੀਂ ਸ਼ਰਧਾਂਜਲੀ ਭੇਟ ਕਰਦੇ ਹਾਂ। ਸਾਨੂੰ ਸਾਡੇ ਸੁਰੱਖਿਆ ਬਲਾਂ ’ਤੇ ਮਾਣ ਹੈ। ਉਨ੍ਹਾਂ ਦੀ ਬਹਾਦਰੀ ਪੀੜੀਆਂ ਤਕ ਪ੍ਰੇਰਿਤ ਕਰਦੀ ਰਹੇਗੀ।’ ਉਨ੍ਹਾਂ ਕਿਹਾ ਕਿ ਹਥਿਆਰਬੰਦ ਸੈਨਾਵਾਂ ਨੇ ਕਈ ਵਾਰ ਦਿਖਾਇਆ ਹੈ ਅਤੇ ਹੁਣ ਫਿਰ ਉਹ ਦੇਸ਼ ਦੀ ਰੱਖਿਆ ਕਰਨ ਲਈ ਪੂਰੀ ਤਰ੍ਹਾਂ ਸਮਰੱਥ ਹਨ। ਉਨ੍ਹਾਂ ਕਿਹਾ, ‘‘ਭਾਰਤ ਸ਼ਾਂਤੀ ’ਚ ਯਕੀਨ ਰੱਖਦਾ ਹੈ ਪਰ ਕਿਸੇ ਵੀ ਕੀਮਤ ’ਤੇ ਆਪਣੀ ਪ੍ਰਭੂਸੱਤਾ ਦੀ ਰੱਖਿਆ ਕਰੇਗਾ। ਸੁਰੱਖਿਆ ਬਲਾਂ ਦੀ ਤਾਕਤ ਅਤੇ ਸਬਰ ਸ਼ਕਤੀ ਗ਼ੈਰਸਧਾਰਨ ਹੈ।’’