ਪੁੱਡੂਚੇਰੀ, 18 ਫਰਵਰੀ
ਤਿਲੰਗਾਨਾ ਦੀ ਰਾਜਪਾਲ ਤਾਮਿਲੀਸਾਈ ਸੁੰਦਰਾਜਨ ਨੇ ਪੁੱਡੂਚੇਰੀ ਦੇ ਉਪ ਰਾਜਪਾਲ ਦਾ ਵਾਧੂ ਚਾਰਜ ਸੰਭਾਲਣ ਤੋਂ ਫੌਰੀ ਮਗਰੋਂ ਮੁੱਖ ਮੰਤਰੀ ਵੀ. ਨਰਾਇਣਸਾਮੀ ਨੂੰ 22 ਫਰਵਰੀ ਨੂੰ ਅਸੈਂਬਲੀ ’ਚ ਬਹੁਮੱਤ ਸਾਬਤ ਕਰਨ ਲਈ ਆਖ ਦਿੱਤਾ ਹੈ। ਪੁੱਡੂਚੇਰੀ ਦੀ 33 ਮੈਂਬਰੀ ਅਸੈਂਬਲੀ ’ਚ ਸੱਤਾਧਾਰੀ ਪਾਰਟੀ ਦੇ ਦੋ ਵਿਧਾਇਕਾਂ ਵੱਲੋਂ ਦਿੱਤੇ ਅਸਤੀਫ਼ੇ ਕਰਕੇ ਨਰਾਇਣਸਾਮੀ ਸਰਕਾਰ ’ਤੇ ਸੰਕਟ ਦੇ ਬੱਦਲ ਮੰਡਰਾਉਣ ਲੱਗੇ ਸੀ। ਵਿਧਾਇਕਾਂ ਵੱਲੋਂ ਦਿੱਤੇ ਅਸਤੀਫ਼ੇ ਕਰਕੇ ਸਰਕਾਰ ਘੱਟਗਿਣਤੀ ਵਿੱਚ ਹੈ ਤੇ ਉਸ ਦੇ ਵਿਧਾਇਕਾਂ ਦੀ ਗਿਣਤੀ ਘਟ ਕੇ 14 ਰਹਿ ਗਈ ਹੈ।
ਅਸੈਂਬਲੀ ’ਚ ਸੱਤਾਧਾਰੀ ਤੇ ਵਿਰੋਧੀ ਧਿਰ ਦੋਵਾਂ ਕੋਲ 14-14 ਵਿਧਾਇਕ ਹਨ, ਜਿਨ੍ਹਾਂ ਵਿੱਚ ਭਾਜਪਾ ਦੇ ਤਿੰਨ ਨਾਮਜ਼ਦ ਵਿਧਾਇਕ ਵੀ ਸ਼ਾਮਲ ਹਨ। ਅਸੈਂਬਲੀ ’ਚ ਨਾਮਜ਼ਦ ਵਿਧਾਇਕਾਂ ਦੀਆਂ ਪੰਜ ਸੀਟਾਂ ਹਨ। ਕਾਂਗਰਸ ਦੀ ਨਰਾਇਣਸਾਮੀ ਸਰਕਾਰ ਕੋਲ ਸਪੀਕਰ ਸਮੇਤ ਕੁੱਲ ਦਸ ਵਿਧਾਇਕ ਹਨ। ਸਰਕਾਰ ਨੂੰ ਡੀਐੱਮਕੇ ਦੇ ਤਿੰਨ ਤੇ ਇਕ ਆਜ਼ਾਦ ਵਿਧਾਇਕ ਦੀ ਹਮਾਇਤ ਹਾਸਲ ਹੈ। ਅਸੈਂਬਲੀ ’ਚ ਵਿਰੋਧੀ ਧਿਰ ਦੇ ਨੇਤਾ ਤੇ ਏਆਈਐੱਨਆਰਸੀ ਮੁਖੀ ਐੱਨ. ਰੰਗਾਸਵਾਮੀ ਨੇ ਸਰਕਾਰ ਨੂੰ ਸਦਨ ਵਿੱਚ ਆਪਣਾ ਬਹੁਮੱਤ ਸਾਬਤ ਕਰਨ ਦੀ ਮੰਗ ਦੁਹਰਾਈ ਸੀ। ਉਪ ਰਾਜਪਾਲ ਦਫ਼ਤਰ ਨੇ ਕਿਹਾ ਕਿ ਨਰਾਇਣਸਾਮੀ ਨੂੰ ਭੇਜੇ ਸੁਨੇਹੇ ਵਿੱਚ ਸੋਮਵਾਰ ਨੂੰ ਅਸੈਂਬਲੀ ’ਚ ਬਹੁਮੱਤ ਸਾਬਤ ਕਰਨ ਦਾ ਸੱਦਾ ਦਿੱਤਾ ਗਿਆ ਹੈ। ਸਦਨ ਵਿੱਚ ਵੋਟਿੰਗ ਹੱਥ ਉਪਰ ਕਰਵਾ ਕੇ ਕੀਤੀ ਜਾਵੇਗੀ ਤੇ ਇਸ ਪੂਰੀ ਕਾਰਵਾਈ ਨੂੰ ਵੀਡੀਓਗ੍ਰਾਫ਼ ਕੀਤਾ ਜਾਵੇਗਾ। -ਪੀਟੀਆਈ
ਤਾਮਿਲੀਸਾਈ ਸੁੰਦਰਾਜਨ ਨੇ ਪੁਡੂਚੇਰੀ ਦੇ ਉਪ ਰਾਜਪਾਲ ਵਜੋਂ ਹਲਫ਼ ਲਿਆ
ਪੁਡੂਚੇਰੀ: ਤਿਲੰਗਾਨਾ ਦੀ ਰਾਜਪਾਲ ਤਾਮਿਲੀਸਾਈ ਸੁੰਦਰਾਜਨ ਨੇ ਅੱਜ ਕੇਂਦਰ ਸ਼ਾਸਿਤ ਪ੍ਰਦੇਸ਼ ਪੁੱਡੂਚੇਰੀ ਦਾ ਵਧੀਕ ਚਾਰਜ ਸੰਭਾਲ ਲਿਆ ਹੈ। ਸੁੰਦਰਾਜਨ ਨੇ ਕਿਹਾ ਕਿ ਉਹ ਸੰਵਿਧਾਨ ਮੁਤਾਬਕ ਅਤੇ ‘ਲੋਕਾਂ ਦੇ ਰਾਜਪਾਲ’ ਵਜੋਂ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਉਹ ਪੁੱਡੂਚੇਰੀ ਕਿਸੇ ਲੁਕਵੇਂ ਮੰਤਵ ਲਈ ਨਹੀਂ ਬਲਕਿ ਲੋਕਾਂ ਦੀ ਸੇਵਾ ਕਰਨ ਲਈ ਆਈ ਹੈ। ਸੁੰਦਰਾਜਨ ਪੰਜਵੀਂ ਮਹਿਲਾ ਹਨ, ਜਿਨ੍ਹਾਂ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਉਪ ਰਾਜਪਾਲ ਲਾਇਆ ਗਿਆ ਹੈ। ਸੁੰਦਰਾਜਨ ਨੂੰ ਅੱਜ ਰਾਜ ਨਿਵਾਸ ਵਿੱਚ ਇਕ ਸਾਦੇ ਸਮਾਗਮ ਦੌਰਾਨ ਮਦਰਾਸ ਹਾਈ ਕੋਰਟ ਦੇ ਚੀਫ਼ ਜਸਟਿਸ ਸੰਜੀਵ ਬੈਨਰਜੀ ਨੇ ਅਹੁਦੇ ਦਾ ਹਲਫ਼ ਦਿਵਾਇਆ। ਉਨ੍ਹਾਂ ਤਾਮਿਲ ਭਾਸ਼ਾ ਵਿੱਚ ਹਲਫ਼ ਲਿਆ। ਉਹ ਕਿਰਨ ਬੇਦੀ ਦੀ ਥਾਂ ਲੈਣਗੇ। -ਪੀਟੀਆਈ