ਚੇਨੱਈ, 16 ਮਈ
ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਅੱਜ ਤਾਮਿਲਨਾਡੂ ਦੇ ਮਦੁਰਾਈ ਵਿੱਚ ਚਾਰ ਥਾਵਾਂ ’ਤੇ ਤਲਾਸ਼ੀ ਮੁਹਿੰਮ ਚਲਾਈ। ਇੱਕ ਅਧਿਕਾਰੀ ਨੇ ਦੱਸਿਆ ਕਿ ਅਤਿਵਾਦੀ ਸੰਗਠਨ ਇਸਲਾਮਿਕ ਸਟੇਟ ਅਤੇ ਕੱਟੜਪੰਥੀ ਸੰਗਠਨ ਹਿਜ਼ਬ-ਉਤ-ਤਹਿਰੀਰ ਦੀ ਵਿਚਾਰਧਾਰਾ ਦੀ ਵਕਾਲਤ ਕਰ ਰਹੇ ਇੱਕ ਕੱਟੜਪੰਥੀ ਵੱਲੋਂ ਅਪਰਾਧਕ ਫੇਸਬੁੱਕ ਪੋਸਟਾਂ ਸਾਂਝੀਆਂ ਕਰਨ ਦੇ ਮਾਮਲੇ ਵਿੱਚ ਇਹ ਤਲਾਸ਼ੀ ਲਈ ਗਈ ਹੈ।
ਉਨ੍ਹਾਂ ਦੱਸਿਆ ਕਿ ਇਹ ਕੇਸ ਪਿਛਲੇ ਸਾਲ ਦਸੰਬਰ ਵਿੱਚ ਗ੍ਰਿਫ਼ਤਾਰ ਕੀਤੇ ਗਏ ਮਦੁਰਾਈ ਦੇ ਵਸਨੀਕ ਮੁਹੰਮਦ ਇਕਬਾਲ ਵੱਲੋਂ ਫੇਸਬੁੱਕ ਉੱਤੇ ਕੁਝ ਅਪਰਾਧਕ ਪੋਸਟਾਂ ਅੱਪਲੋਡ ਕਰਨ ਨਾਲ ਸਬੰਧਤ ਹੈ। ਜਾਂਚ ਏਜੰਸੀ ਦੇ ਅਧਿਕਾਰੀ ਨੇ ਦੱਸਿਆ ਕਿ ਸੋਸ਼ਲ ਮੀਡੀਆ ਪੋਸਟਾਂ ਵਿੱਚ ਇਕਬਾਲ ਨੇ ਆਈਐੱਸਆਈਐੱਸ ਅਤਿਵਾਦੀ ਸਮੂਹ ਤੇ ਕੱਟੜਪੰਥੀ ਸੰਗਠਨ ਹਿਜ਼ਬ-ਉਤ-ਤਹਿਰੀਰ ਦੀ ਵਿਚਾਰਧਾਰਾ ਦੀ ਵਕਾਲਤ ਕੀਤੀ। ਇਸ ਵਿੱਚ ਉਸ ਨੇ ਇੱਕ ਖ਼ਾਸ ਭਾਈਚਾਰੇ ਦੀ ਨਿੰਦਾ ਕੀਤੀ ਸੀ।
ਅੱਜ ਐੱਨਆਈਏ ਨੇ ਮਦੁਰਾਈ ਜ਼ਿਲ੍ਹੇ ਵਿੱਚ ਕਾਜ਼ੀਮਰ ਸਟਰੀਟ, ਕੇ ਪੁਦੂਰ, ਪੇਥਨੀਯਾਪੁਰਮ ਅਤੇ ਮਹਬਿੂਬ ਪਲਾਯਮ ਵਿੱਚ ਤਲਾਸ਼ੀ ਲਈ। ਇਸ ਦੌਰਾਨ 16 ਡਿਜੀਟਲ ਡਿਵਾਈਸ, ਜਿਨ੍ਹਾਂ ਵਿੱਚ ਇੱਕ ਲੈਪਟੌਪ, ਹਾਰਡ ਡਿਸਕ, ਮੋਬਾਈਲ ਫੋਨ, ਮੈਮਰੀ ਕਾਰਡ, ਸਿਮ, ਪੈੱਨ ਡਰਾਈਵ ਅਤੇ ਕੁਝ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। -ਪੀਟੀਆਈ