ਨਵੀਂ ਦਿੱਲੀ, 13 ਮਈ
ਦਿੱਲੀ ਹਾਈ ਕੋਰਟ ਵਿੱਚ ਅੱਜ ਇਕ ਜਨਹਿੱਤ ਪਟੀਸ਼ਨ ਦਾਖ਼ਲ ਕਰਕੇ ਕੋਵਿਡ-19 ਮਹਾਮਾਰੀ ਦੌਰਾਨ ਆਕਸੀਜਨ ਦੀ ਕਿੱਲਤ ਤੇ ਇਸ ਵਾਇਰਲ ਰੋਗ ਕਰਕੇ ਮੌਤ ਦੇ ਮੂੰਹ ਪਏ ਮਰੀਜ਼ਾਂ ਦੇ ਵਾਰਸਾਂ ਨੂੰ ਮੁਆਵਜ਼ੇ ਲਈ ਕੇਂਦਰ ਤੇ ਦਿੱਲੀ ਸਰਕਾਰ ਨੂੰ ਦਿਸ਼ਾ-ਨਿਰਦੇਸ਼ ਨਿਰਧਾਰਿਤ ਕਰਨ ਲਈ ਹਦਾਇਤਾਂ ਜਾਰੀ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ। ਪਟੀਸ਼ਨਰ ਨੇ ਸੁਝਾਅ ਦਿੱਤਾ ਕਿ ਪੀੜਤ ਪਰਿਵਾਰ, ਜਿਨ੍ਹਾਂ ਦੇ ਇਕੋ ਇਕ ਕਮਾਊ ਜੀਅ ਦੀ ਕੋਵਿਡ-19 ਕਰਕੇ ਮੌਤ ਹੋ ਗਈ ਤੇ ਜਿਨ੍ਹਾਂ ਕੋਲ ਆਪਣੀ ਗੁਜ਼ਰ ਬਸਰ ਦਾ ਕੋਈ ਸਾਧਨ ਨਹੀਂ ਰਿਹਾ, ਨੂੰ ਮੁਆਵਜ਼ਾ ਕੌਮੀ ਆਫ਼ਤ ਰਿਸਪੌਂਸ ਫੰਡ ਜਾਂ ਪੀਐੱਮ ਕੇਅਰਜ਼ ਫੰਡ ਵਿੱਚੋਂ ਮੁਹੱਈਆ ਕੀਤਾ ਜਾਵੇ। ਪਟੀਸ਼ਨਰ ਐਡਵੋਕੇਟ ਪੂਰਵ ਮਿੱਡਾ ਨੇ ਕਿਹਾ ਕਿ ਕੋਵਿਡ-19 ਪੀੜਤਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ, ਲਿਹਾਜ਼ਾ ਸਰਕਾਰਾਂ ਨੂੰ ਅਜਿਹੇ ਪਰਿਵਾਰਾਂ ਦੀ ਮਦਦ ਲਈ ਮੁਆਵਜ਼ਾ ਸਕੀਮ ਤਿਆਰ ਕਰਨੀ ਚਾਹੀਦੀ ਹੈ। -ਪੀਟੀਆਈ