ਸ੍ਰੀਨਗਰ: ਦਹਿਸ਼ਤੀ ਕੇਸਾਂ ਦੀ ਜਾਂਚ ਨੂੰ ਰਫ਼ਤਾਰ ਦੇਣ ਲਈ ਜੰਮੂ ਤੇ ਕਸ਼ਮੀਰ ਪੁਲੀਸ ਵਿੱਚੋਂ ਹੀ ਸੂਬਾਈ ਜਾਂਚ ਏਜੰਸੀ ਗਠਿਤ ਕੀਤੀ ਗਈ ਹੈ, ਜੋ ਪੁੱਛ-ਪੜਤਾਲ ਦੇ ਨਾਲ ਕੇਂਦਰੀ ਏਜੰਸੀਆਂ ਨਾਲ ਤਾਲਮੇਲ ਵੀ ਕਰੇਗੀ। ਜੰਮੂ ਤੇ ਕਸ਼ਮੀਰ ਦੇ ਗ੍ਰਹਿ ਵਿਭਾਗ ਨੇ ਲੰਘੇ ਦਿਨ ਜਾਰੀ ਇਕ ਹੁਕਮ ਵਿੱਚ ਕਿਹਾ ਕਿ ਸੂਬਾਈ ਜਾਂਚ ਏਜੰਸੀ (ਐੱਸਆਈਏ), ਜਿਸ ਦੀ ਅਗਵਾਈ ਇਕ ਡਾਇਰੈਕਟਰ ਵੱਲੋਂ ਕੀਤੀ ਜਾਵੇਗੀ, ਦਹਿਸ਼ਤਗਰਦਾਂ ਨੂੰ ਫੰਡ ਜੁਟਾਉਣ ਤੇ ਕੂੜ ਪ੍ਰਚਾਰ ਜਿਹੇ ਦਹਿਸ਼ਤੀ ਅਪਰਾਧਾਂ ਅਤੇ ਗੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ ਤਹਿਤ ਆਉਂਦੇ ਅਪਰਾਧਾਂ ਦੀ ਜਾਂਚ ਕਰੇਗੀ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਐੱਸਆਈਏ ਕੌਮੀ ਜਾਂਚ ਏਜੰਸੀ ਤੇ ਹੋਰਨਾਂ ਕੇਂਦਰੀ ਏਜੰਸੀਆਂ ਨਾਲ ਤਾਲਮੇਲ ਕਰੇਗੀ ਤੇ ਜਾਂਚ ਦੇ ਅਮਲ ਨੂੰ ਤੇਜ਼ ਕਰਨ ਤੇ ਅਸਰਦਾਰ ਤਰੀਕੇ ਨਾਲ ਸਿਰੇ ਚਾੜ੍ਹਨ ਲਈ ਲੋੜੀਂਦੇ ਕਦਮ ਚੁੱਕੇਗੀ। -ਪੀਟੀਆਈ