ਨਵੀਂ ਦਿੱਲੀ: ਕੇਂਦਰ ਨੇ ਅੱਜ ਸੂਬਾ ਸਰਕਾਰਾਂ ਨੂੰ ਕਿਹਾ ਹੈ ਕਿ ਉਹ ਮੌਨਸੂਨ ਦੌਰਾਨ ਚੌਕਸ ਰਹਿਣ ਤਾਂ ਜੋ ਹੜ੍ਹਾਂ, ਚੱਕਰਵਾਤੀ ਤੂਫ਼ਾਨਾਂ ਅਤੇ ਢਿੱਗਾਂ ਡਿੱਗਣ ਜਿਹੀਆਂ ਕੁਦਰਤੀ ਆਫ਼ਤਾਂ ਕਾਰਨ ਹੋਣ ਵਾਲੇ ਨੁਕਸਾਨਾਂ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ। ਵੱਖ ਵੱਖ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਆਫ਼ਤ ਪ੍ਰਬੰਧਨ ਵਿਭਾਗਾਂ ਦੇ ਰਾਹਤ ਕਮਿਸ਼ਨਰਾਂ ਤੇ ਸਕੱਤਰਾਂ ਦੀ ਸਾਲਾਨਾ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਨੇ ਸਾਲ ਭਰ ਤਿਆਰ ਰਹਿਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਫ਼ਤਾਂ ਰੋਕਣ ਸਬੰਧੀ ਲੰਬੇ ਸਮੇਂ ਦਾ ਬੁਨਿਆਦੀ ਢਾਂਚਾ ਵਿਕਸਤ ਕਰਨ ਦੇ ਨਜ਼ਰੀਏ ਦਾ ਹਵਾਲਾ ਵੀ ਦਿੱਤਾ। ਭੱਲਾ ਨੇ ਕਿਹਾ ਕਿ ਪਿਛਲੇ ਸੱਤ ਸਾਲਾਂ ’ਚ ਕੀਤੀਆਂ ਗਈਆਂ ਕੋਸ਼ਿਸ਼ਾਂ ਨਾਲ ਆਫ਼ਤ ਪ੍ਰਬੰਧਨ ਪ੍ਰਣਾਲੀ ਲੋਕਾਂ ਦੀਆਂ ਜ਼ਿੰਦਗੀਆਂ ’ਤੇ ਕੁਦਰਤੀ ਆਫ਼ਤਾਂ ਦੇ ਪੈਣ ਵਾਲੇ ਅਸਰ ਨੂੰ ਘਟਾਉਣ ’ਚ ਸਹਾਈ ਰਹੀ। ਉਨ੍ਹਾਂ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਗਰਮ ਹਵਾਵਾਂ ਅਤੇ ਬਿਜਲੀ ਡਿੱਗਣ ਵਰਗੀਆਂ ਘਟਨਾਵਾਂ ’ਚ ਕੋਈ ਜਾਨ ਨਹੀਂ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਥਾਨਕ, ਜ਼ਿਲ੍ਹਾ ਅਤੇ ਸੂਬਾ ਪੱਧਰ ’ਤੇ ਕਾਰਜ ਯੋਜਨਾ ਤਿਆਰ ਕਰਨ ਦੀ ਲੋੜ ਹੈ। ਕਾਨਫਰੰਸ ਦੌਰਾਨ ਵੱਖ ਵੱਖ ਸੂਬਿਆਂ ਵੱਲੋਂ ਆਪਣੀਆਂ ਤਿਆਰੀਆਂ, ਤਜਰਬਿਆਂ ਅਤੇ ਆਫ਼ਤਾਂ ਨਾਲ ਸਿੱਝਣ ਲਈ ਕੀਤੇ ਗਏ ਯਤਨ ਸਾਂਝੇ ਕੀਤੇ ਜਾਣਗੇ। -ਪੀਟੀਆਈ