ਜਗਤਾਰ ਿਸੰਘ ਲਾਂਬਾ
ਅੰਮ੍ਰਿਤਸਰ, 22 ਮਈ
ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਅੱਜ ਕਿਹਾ ਕਿ ਸਾਬਤ ਕਰੋ ਕਿ ਉਸ ਨੇ ਕਦੇ ਕਿਸੇ ਹੋਰ ਪਾਰਟੀ ਆਗੂ ਨਾਲ ਮੀਟਿੰਗ ਕੀਤੀ ਹੈ ਜਾਂ ਉਨ੍ਹਾਂ ਕਦੇ ਕੋਈ ਅਹੁਦਾ ਮੰਗਿਆ ਹੈ। ਕਾਂਗਰਸ ’ਚ ਚੱਲ ਰਹੀ ਅੰਦਰੂਨੀ ਜੰਗ ਦੌਰਾਨ ਸ੍ਰੀ ਸਿੱਧੂ ਬਾਰੇ ਹੋਰਨਾਂ ਸਿਆਸੀ ਪਾਰਟੀਆਂ ਨਾਲ ਮੀਟਿੰਗ ਕਰਨ ਦੀ ਵੀ ਚਰਚਾ ਚੱਲ ਰਹੀ ਹੈ। ਇਹ ਵੀ ਪਤਾ ਲਗਾ ਹੈ ਕਿ ਇਸ ਸਬੰਧੀ ਕਾਂਗਰਸ ਹਾਈ ਕਮਾਂਡ ਤੱਕ ਵੀ ਇਹ ਗੱਲ ਪਹੁੰਚਾਈ ਗਈ ਹੈ।
ਸ੍ਰੀ ਸਿੱਧੂ ਨੇ ਅੱਜ ਟਵੀਟ ਕੀਤਾ ਕਿ ਸਾਬਤ ਕਰੋ ਕਿ ਉਸ ਨੇ ਕਿਸੇ ਹੋਰ ਪਾਰਟੀ ਦੇ ਆਗੂ ਨਾਲ ਕੋਈ ਮੀਟਿੰਗ ਕੀਤੀ ਹੈ। ਬਿਨਾਂ ਕਿਸੇ ਦਾ ਨਾਂ ਲਏ ਉਨ੍ਹਾਂ ਆਖਿਆ ਕਿ ਉਸ ਨੂੰ ਕਈ ਵਾਰ ਸੱਦਿਆ ਗਿਆ ਅਤੇ ਕੈਬਨਿਟ ਅਹੁਦਿਆਂ ਦੀ ਪੇਸ਼ਕਸ਼ ਕੀਤੀ ਗਈ ਹੈ ਪਰ ਉਸ ਨੇ ਅੱਜ ਤੱਕ ਖੁਦ ਕਦੇ ਵੀ ਕਿਸੇ ਅਹੁਦੇ ਦੀ ਮੰਗ ਨਹੀਂ ਕੀਤੀ ਹੈ। ਜੇਕਰ ਕਦੇ ਕੋਈ ਆਵਾਜ਼ ਚੁੱਕੀ ਤਾਂ ਪੰਜਾਬ ਦੇ ਹਿੱਤਾਂ ਲਈ ਚੁੱਕੀ ਹੈ। ਸ੍ਰੀ ਸਿੱਧੂ ਨੇ ਇਸ ਟਵੀਟ ਰਾਹੀਂ ਉਨ੍ਹਾਂ ਹੋਰਨਾਂ ਪਾਰਟੀਆਂ ਨਾਲ ਮੀਟਿੰਗਾਂ ਅਤੇ ਅਹੁਦੇ ਮੰਗਣ ਦੇ ਦੋਸ਼ ਲਾਉਣ ਵਾਲਿਆਂ ਨੂੰ ਵੀ ਘੇਰੇ ਵਿਚ ਲਿਆ ਹੈ। ਮਿਲੇ ਵੇਰਵਿਆਂ ਮੁਤਾਬਕ ਮੁੱਖ ਮੰਤਰੀ ਨੇ ਇਕ ਮੀਡੀਆ ਚੈਨਲ ਨਾਲ ਗੱਲਬਾਤ ਦੌਰਾਨ ਸ੍ਰੀ ਸਿੱਧੂ ਵੱਲੋਂ ਉੱਪ ਮੁਖ ਮੰਤਰੀ ਦੇ ਅਹੁਦੇ ਦੀ ਮੰਗ ਬਾਰੇ ਜ਼ਿਕਰ ਕੀਤਾ ਸੀ।
‘ਪੰਜਾਬ ਦੇ ਿਹੱਤਾਂ ਲਈ ਕਈ ਵਾਰ ਅਹੁਦੇ ਛੱਡੇ’
ਨਵਜੋਤ ਿਸੱਧੂ ਨੇ ਕਿਹਾ ਕਿ ਉਸ ਨੂੰ ਕਈ ਵਾਰ ਸੱਦ ਕੇ ਕੈਬਨਿਟ ਅਹੁਦਿਆਂ ਦੀ ਪੇਸ਼ਕਸ਼ ਕੀਤੀ ਗਈ ਪਰ ਉਸ ਨੇ ਇਹ ਪੇਸ਼ਕਸ਼ਾਂ ਸਵੀਕਾਰ ਨਹੀਂ ਕੀਤੀਆਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਿੱਤਾਂ ਲਈ ਉਨ੍ਹਾਂ ਕਈ ਵਾਰ ਅਹੁਦੇ ਛੱਡੇ ਹਨ। ਉਨ੍ਹਾਂ ਕਿਹਾ ਕਿ ਹੁਣ ਇਹ ਮਾਮਲਾ ਕਾਂਗਰਸ ਦੀ ਹਾਈ ਕਮਾਂਡ ਦੇ ਧਿਆਨ ਵਿਚ ਹੈ ਤੇ ਉਨ੍ਹਾਂ ਦਖਲ ਦਿੱਤਾ ਹੈ। ਇਸ ਦੀ ਉਡੀਕ ਕਰੋ।