ਕੋਲਕਾਤਾ, 17 ਮਈ
ਨਾਰਦਾ ਸਟਿੰਗ ਅਪਰੇਸ਼ਨ ਮਾਮਲੇ ਵਿਚ ਸੀਬੀਆਈ ਵਲੋਂ ਪੱਛਮੀ ਬੰਗਾਲ ਦੇ ਦੋ ਮੰਤਰੀਆਂ ਤੇ ਵਿਧਾਇਕ ਦੀ ਗ੍ਰਿਫਤਾਰੀ ਤੋਂ ਬਾਅਦ ਪੱਛਮੀ ਬੰਗਾਲ ’ਚ ਕਈ ਥਾਵਾਂ ’ਤੇ ਪ੍ਰਦਰਸ਼ਨ ਹੋਏ ਤੇ ਪਾਰਟੀ ਕਾਰਕੁਨਾਂ ਨੇ ਰੈਲੀਆਂ ਕਰ ਕੇ ਭਾਜਪਾ ਸਰਕਾਰ ਖਿਲਾਫ ਭੜਾਸ ਕੱਢੀ। ਇਸ ਮੌਕੇ ਲੌਕਡਾਊਨ ਤੇ ਕਰੋਨਾ ਨਿਯਮਾਂ ਦਾ ਉਲੰਘਣ ਵੀ ਕੀਤਾ ਗਿਆ। ਤ੍ਰਿਣਮੂਲ ਸਮਰਥਕਾਂ ਵੱਲੋਂ ਸੀਬੀਆਈ ਦਫਤਰ ਬਾਹਰ ਪ੍ਰਦਰਸ਼ਨ ਕੀਤਾ ਗਿਆ ਤੇ ਰਾਜਪਾਲ ਜਗਦੀਪ ਧਨਖੜ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਪਾਰਟੀ ਆਗੂਆਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ। ਇਸ ਮਗਰੋਂ ਦੇਰ ਸ਼ਾਮ ਸੀਬੀਆਈ ਵੱਲੋਂ ਚਾਰਾਂ ਆਗੂਆਂ ਨੂੰ ਵਿਸ਼ੇਸ਼ ਸੀਬੀਆਈ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੋਂ ਉਨ੍ਹਾਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਪਰ ਇਸ ਤੋਂ ਬਾਅਦ ਦੇਰ ਰਾਤ ਕਲਕੱਤਾ ਹਾਈ ਕੋਰਟ ਵੱਲੋਂ ਇਹ ਜ਼ਮਾਨਤ ਰੱਦ ਕਰ ਦਿੱਤੀ ਗਈ। -ਏਜੰਸੀ