ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ/ਬਿਹਾਰ, 28 ਜਨਵਰੀ
ਰੇਲਵੇ ਨੌਕਰੀਆਂ ਦੇ ਚਾਹਵਾਨਾਂ ’ਤੇ ਪੁਲੀਸ ਦੀ ਬੇਰਹਿਮੀ ਦੇ ਵਿਰੋਧ ਵਿੱਚ ਇੰਡੀਅਨ ਯੂਥ ਕਾਂਗਰਸ (ਆਈਵਾਈਸੀ) ਤੇ ਖੱਬੇ ਪੱਖੀ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਏਆਈਐਸਏ) ਨੇ ਅੱਜ ਰੇਲ ਭਵਨ ਦੇ ਬਾਹਰ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਪੁਲੀਸ ਦੀ ਕਾਰਵਾਈ ਦੀ ਨਿਖੇਧੀ ਕੀਤੀ ਤੇ ਪ੍ਰਦਰਸ਼ਨ ਕਰ ਰਹੇ ਨੌਕਰੀ ਦੇ ਚਾਹਵਾਨਾਂ ਵਿਰੁੱਧ ਦਰਜ ਐਫਆਈਆਰ ਵਾਪਸ ਲੈਣ ਦੀ ਮੰਗ ਕੀਤੀ। 26 ਜਨਵਰੀ ਨੂੰ ਰੇਲਵੇ ਨੇ ਆਪਣੀ (ਆਰਆਰਬੀ-ਐਨਟੀਪੀਸੀ) ਤੇ ਲੈਵਲ 1 ਦੀਆਂ ਪ੍ਰੀਖਿਆਵਾਂ ਨੂੰ ਮੁਅੱਤਲ ਕਰ ਦਿੱਤਾ ਸੀ ਜਦੋਂ ਉਮੀਦਵਾਰਾਂ ਨੇ ਪ੍ਰਕਿਰਿਆ ਵਿੱਚ ਬੇਨਿਯਮੀਆਂ ਦਾ ਦੋਸ਼ ਲਗਾਉਂਦੇ ਹੋਏ ਕੁਝ ਰਾਜਾਂ ਵਿੱਚ ਹੰਗਾਮਾ ਕੀਤਾ ਸੀ। ਜਦੋਂ ਕਿ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਉਨ੍ਹਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਦਾ ਭਰੋਸਾ ਦਿੱਤਾ ਸੀ।
ਇਸੇ ਦੌਰਾਨ ਰੇਲਵੇ ਭਰਤੀ ਲਈ ਹੋਈਆਂ ਪ੍ਰੀਖਿਆਵਾਂ (ਆਰਆਰਬੀ ਐਨਟੀਪੀਸੀ) ਵਿਚ ਬੇਨਿਯਮੀਆਂ ਖ਼ਿਲਾਫ਼ ਵਿਦਿਆਰਥੀਆਂ ਨੂੰ ਕਥਿਤ ਤੌਰ ਉਤੇ ਰੋਸ ਮੁਜ਼ਾਹਰਿਆਂ ਲਈ ਉਕਸਾਉਣ ’ਤੇ ਪਟਨਾ ਦੇ ਅਧਿਆਪਕ ਤੇ ਯੂਟਿਊਬਰ ‘ਖਾਨ ਸਰ’ ਵਿਵਾਦਾਂ ਵਿਚ ਘਿਰ ਗਏ ਹਨ। ‘ਖਾਨ ਸਰ’ ਵੱਖ-ਵੱਖ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਕੋਚਿੰਗ ਦੇਣ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦਾ ਪਟਨਾ ਵਿਚ ਕੋਚਿੰਗ ਸੈਂਟਰ ਵੀ ਹੈ ਤੇ ਉਹ ਕਾਫ਼ੀ ਮਸ਼ਹੂਰ ਹਨ। ਹੁਣ ਬਿਹਾਰ ਵਿਚ ਅਥਾਰਿਟੀ ਨੇ ਖਾਨ ਸਰ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਇਹ ਐਫਆਈਆਰ ਰੋਸ ਮੁਜ਼ਾਹਰਿਆਂ ਦੌਰਾਨ ਹਿਰਾਸਤ ਵਿਚ ਲਏ ਗਏ ਕੁਝ ਵਿਦਿਆਰਥੀਆਂ ਦੇ ਬਿਆਨਾਂ ਉਤੇ ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਕ ਵੀਡੀਓ ਵਿਚ ਖਾਨ ਸਰ ਨੇ ਵਿਦਿਆਰਥੀਆਂ ਨੂੰ ਉਕਸਾਇਆ ਤੇ ਉਨ੍ਹਾਂ ਹਿੰਸਕ ਮੁਜ਼ਾਹਰੇ ਕੀਤੇ ਸਨ। ਰੇਲਵੇ ਨੇ ਮੰਗਲਵਾਰ ਨੂੰ ਇੱਕ ਆਮ ਨੋਟਿਸ ਜਾਰੀ ਕਰਕੇ ਆਪਣੇ ਨੌਕਰੀ ਦੇ ਚਾਹਵਾਨਾਂ ਨੂੰ ਚਿਤਾਵਨੀ ਦਿੱਤੀ ਸੀ ਕਿ ਜਿਹੜੇ ਲੋਕ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਭੰਨ੍ਹ-ਤੋੜ ਅਤੇ ਗੈਰਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਪਾਏ ਗਏ ਉਨ੍ਹਾਂ ਨੂੰ ਰੇਲਵੇ ਵਿੱਚ ਭਰਤੀ ਹੋਣ ਤੋਂ ਰੋਕ ਦਿੱਤਾ ਜਾਵੇਗਾ। ਵਿਦਿਆਰਥੀਆਂ ਨੇ ਕਿਹਾ ਕਿ ਸਰਕਾਰ ਨੇ ਅੰਦੋਲਨ ਕਰ ਰਹੇ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੀ ਬਜਾਏ ਪੁਲੀਸ ਬਲ ਦੀ ਵਰਤੋਂ ਕਰਕੇ ਅੰਦੋਲਨਕਾਰੀਆਂ ’ਤੇ ਬੇਰਹਿਮੀ ਨਾਲ ਹਮਲੇ ਕੀਤੇ ਹਨ। ਨੌਜਵਾਨ ਸੰਗਠਨਾਂ ਨੇ 28 ਜਨਵਰੀ ਦੇ ਭਾਰਤ ਬੰਦ ਦੇ ਸੱਦੇ ਨੂੰ ਸਮਰਥਨ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਅੰਦੋਲਨਕਾਰੀ ਵਿਦਿਆਰਥੀਆਂ ਵਿਰੁੱਧ ਪੁਲੀਸ ਕੇਸ ਦਰਜ ਕਰਨ ਅਤੇ ਉਨ੍ਹਾਂ ਨੂੰ ਰੇਲਵੇ ਦੀਆਂ ਨੌਕਰੀਆਂ ਤੋਂ ਬਲੈਕਲਿਸਟ ਕਰਨ ਦੀ ਧਮਕੀ ਵੀ ਦਿੱਤੀ ਹੈ।
ਉਮੀਦਵਾਰਾਂ ਦੇ ਖ਼ਦਸ਼ੇ ਦੂਰ ਹੋਣ: ਪ੍ਰਸਾਦ
ਨਵੀਂ ਦਿੱਲੀ: ਸਾਬਕਾ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਅੱਜ ਰੇਲ ਮੰਤਰੀ ਅਸ਼ਿਵਨੀ ਵੈਸ਼ਨਵ ਨੂੰ ਬੇਨਤੀ ਕੀਤੀ ਕਿ ਉਹ ਹਾਲ ਹੀ ਵਿਚ ਨੌਕਰੀ ਲਈ ਹੋਈਆਂ ਪ੍ਰੀਖਿਆਵਾਂ ਬਾਰੇ ਬਣੇ ਖ਼ਦਸ਼ੇ ਦੂਰ ਕਰਨ। ਇਨ੍ਹਾਂ ਕਾਰਨ ਬਿਹਾਰ ਤੇ ਯੂਪੀ ਵਿਚ ਵੱਡੇ ਪੱਧਰ ਉਤੇ ਰੋਸ ਮੁਜ਼ਾਹਰੇ ਹੋਏ ਹਨ। ਪ੍ਰਸਾਦ ਨੇ ਵੈਸ਼ਨਵ ਨੂੰ ਬੇਨਤੀ ਕੀਤੀ ਕਿ ਭਵਿੱਖ ਵਿਚ ਅਜਿਹਾ ਰੋਕਣ ਲਈ ਕਦਮ ਚੁੱਕਣੇ ਚਾਹੀਦੇ ਹਨ। ਪ੍ਰਸਾਦ ਨੇ ਕਿਹਾ ਕਿ ਉਨ੍ਹਾਂ ਇਸ ਬਾਰੇ ਰੇਲ ਮੰਤਰੀ ਨਾਲ ਗੱਲਬਾਤ ਕੀਤੀ ਹੈ। ਮੰਤਰੀ ਨੇ ਦੱਸਿਆ ਕਿ ਕਮੇਟੀ ਬਣ ਗਈ ਹੈ ਤੇ ਉਮੀਦਵਾਰਾਂ ਦੀ ਮੰਗ ਉਤੇ ਜਲਦੀ ਹੀ ਫ਼ੈਸਲਾ ਲਿਆ ਜਾਵੇਗਾ। ਪਟਨਾ ਦੇ ਸੰਸਦ ਮੈਂਬਰ ਨੇ ਨਾਲ ਹੀ ਰੋਸ ਪ੍ਰਗਟਾ ਰਹੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਾਂਤੀ ਬਣਾਏ ਰੱਖਣ। -ਪੀਟੀਆਈ