ਜੈਪੁਰ/ਪਟਨਾ/ਅਮਰਾਵਤੀ, 17 ਜੁਲਾਈ
ਰਾਜਸਥਾਨ ’ਚ ਹਾਕਮ ਧਿਰ ਕਾਂਗਰਸ ਨੇ ਅੱਜ ਜੈਪੁਰ ’ਚ ਰੋਸ ਮੁਜ਼ਾਹਰਾ ਕਰਕੇ ਕੇਂਦਰ ਸਰਕਾਰ ਤੋਂ ਵਧਦੀ ਮਹਿੰਗਾਈ ਨੂੰ ਰੋਕਣ ਤੇ ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ਵਾਪਸ ਲੈਣ ਦੀ ਮੰਗ ਕੀਤੀ। ਸੂਬਾਈ ਕਾਂਗਰਸ ਦੇ ਪ੍ਰਧਾਨ ਗੋਵਿੰਦ ਸਿੰਘ ਡੋਟਾਸਰਾ ਦੀ ਅਗਵਾਈ ਹੇਠ ਸੈਂਕੜੇ ਪਾਰਟੀ ਵਰਕਰਾਂ ਨੇ ਕਾਂਗਰਸ ਦੇ ਹੈਡਕੁਆਰਟਰ ਤੋਂ ਸ਼ਹੀਦ ਸਮਾਰਕ ਤੱਕ ਰੈਲੀ ਕੱਢੀ ਤੇ ਧਰਨਾ ਦਿੱਤਾ। ਡੋਟਾਸਰਾ ਨੇ ਕਿਹਾ ਕਿ ਜਦੋਂ ਤੱਕ ਮਹਿੰਗਾਈ ’ਤੇ ਕਾਬੂ ਨਹੀਂ ਪਾਇਆ ਜਾਂਦਾ ਕਾਂਗਰਸ ਕੇਂਦਰ ਸਰਕਾਰ ’ਤੇ ਲਗਾਤਾਰ ਦਬਾਅ ਬਣਾਉਂਦੀ ਰਹੇਗੀ। ਡੋਟਾਸਰਾ ਨੇ ਕਿਹਾ ਕਿ ਕੇਂਦਰ ’ਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਮਹਿੰਗਾਈ, ਵਿਦੇਸ਼ ਨੀਤੀ ਦੇ ਮੁੱਦੇ ’ਤੇ ਝੂਠੇ ਵਾਅਦੇ ਕਰਕੇ ਸੱਤਾ ’ਚ ਆਈ ਪਰ ਉਹ ਸਾਰੇ ਮੋਰਚਿਆਂ ’ਤੇ ਨਾਕਾਮ ਰਹੀ ਹੈ। ਉੱਧਰ ਬਿਹਾਰ ਦੇ ਪਟਨਾ ’ਚ ਕਾਂਗਰਸ ਵਰਕਰਾਂ ਨੇ ਸੂਬਾ ਪ੍ਰਧਾਨ ਮਦਨ ਮੋਹਨ ਝਾਅ ਦੀ ਅਗਵਾਈ ਹੇਠ ਬੋਰਿੰਗ ਰੋਡ ਕਰਾਸਿੰਗ ਤੋਂ ਗਾਂਧੀ ਮੈਦਾਨ ਤੱਕ ਸਾਈਕਲ ਰੈਲੀ ਕੱਢੀ। ਰੈਲੀ ’ਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਬਿਹਾਰ ਮਾਮਲਿਆਂ ਦੇ ਇੰਚਾਰਜ ਭਗਤ ਚਰਨ ਦਾਸ, ਸੀਨੀਅਰ ਪਾਰਟੀ ਆਗੂ ਸ਼ਕੀਲ ਅਹਿਮਦ, ਨਿਖਿਲ ਕੁਮਾਰ, ਅਖਿਲੇਸ਼ ਪ੍ਰਸਾਦ ਸਿੰਘ, ਅਜੀਤ ਕੁਮਾਰ ਸ਼ਰਮਾ ਤੇ ਹੋਰ ਹਾਜ਼ਰ ਸਨ। ਆਰਜੇਡੀ ਵੱਲੋਂ ਭਲਕੇ ਬਿਹਾਰ ’ਚ ਬਲਾਕ ਪੱਧਰ ’ਤੇ ਰੋਸ ਮੁਜ਼ਾਹਰੇ ਕੀਤੇ ਜਾਣਗੇ। ਇਸੇ ਦੌਰਾਨ ਅੱਜ ਆਂਧਰਾਪ ਪ੍ਰਦੇਸ਼ ’ਚ ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਦੇ ਜਨਰਲ ਸਕੱਤਰ ਨਾਰਾ ਲੋਕੇਸ਼ ਨੇ ਕੇਂਦਰ ਸਰਕਾਰ ’ਤੇ ਦੋਸ਼ ਲਾਇਆ ਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਅਸਮਾਨੀ ਚੜ੍ਹ ਗਈਆਂ ਹਨ। ਉਨ੍ਹਾਂ ਮੰਗ ਕੀਤੀ ਸਰਕਾਰ ਨੂੰ ਪੈਟਰੋਲ ਤੇ ਡੀਜ਼ਲ ਤੋਂ ਟੈਕਸ ਘਟਾ ਕੇ ਲੋਕਾਂ ਨੂੰ ਰਾਹਤ ਦੇਣੀ ਚਾਹੀਦੀ ਹੈ।
-ਪੀਟੀਆਈ/ਆਈਏਐੱਨਐੱਸ