ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਮਈ
ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਪੰਜਾਬ ਨੇ ਅੱਜ ਦਿੱਲੀ ਦੇ ਜੰਤਰ ਮੰਤਰ ’ਤੇ ਐੱਨਪੀਐੱਸ ਮੁਲਾਜ਼ਮਾਂ ਦੀ ਪ੍ਰਮੁੱਖ ਮੰਗ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਲਾਏ ਰੋਸ ਧਰਨੇ ਵਿੱਚ ਸ਼ਮੂਲੀਅਤ ਕੀਤੀ। ਆਲ ਇੰਡੀਆ ਪੈਨਸ਼ਨ ਬਹਾਲੀ ਸੰਯੁਕਤ ਮੋਰਚਾ ਦੀ ਅਗਵਾਈ ਵਿੱਚ ਲੱਗੇ ਇਸ ਧਰਨੇ ਵਿੱਚ ਪੰਜਾਬ ਤੋਂ ਇਲਾਵਾ ਜੰਮੂ ਕਸ਼ਮੀਰ, ਰਾਜਸਥਾਨ, ਤਿਲੰਗਾਨਾ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ ਮੁਲਾਜ਼ਮਾਂ ਨੇ ਹਿੱਸਾ ਲਿਆ।
ਇਸ ਧਰਨੇ ਨੂੰ ਸੰਬੋਧਨ ਕਰਦਿਆਂ ਫਰੰਟ ਦੇ ਸੂਬਾ ਕਨਵੀਨਰ ਅਤਿੰਦਰਪਾਲ ਸਿੰਘ, ਕੋ-ਕਨਵੀਨਰ ਗੁਰਬਿੰਦਰ ਖਹਿਰਾ ਅਤੇ ਜਸਵੀਰ ਭੰਮਾ ਨੇ ਆਖਿਆ ਕਿ 2004 ਤੋਂ ਬਾਅਦ ਕੇਂਦਰ ਅਤੇ ਸੂਬਿਆਂ ਦੇ ਮੁਲਾਜ਼ਮਾਂ ’ਤੇ ਜਬਰੀ ਥੋਪੀ ਨਵੀਂ ਪੈਨਸ਼ਨ ਸਕੀਮ, ਜਿਸ ਨੂੰ ਵਿੱਤੀ ਮੰਡੀ ਨਾਲ ਜੋੜ ਦਿੱਤਾ ਗਿਆ ਹੈ, ਮੁਲਕ ਵਿੱਚ ਲਾਗੂ ਸਾਮਰਾਜੀ ਤੇ ਨਵਉਦਾਰਵਾਦੀ ਨੀਤੀਆਂ ਦਾ ਹਿੱਸਾ ਹੈ। ਐੱਨਪੀਐੱਸ ਮੁਲਾਜ਼ਮਾਂ ਨੂੰ ਨਵੀਂ ਪੈਨਸ਼ਨ ਸਕੀਮ ਅਧੀਨ ਸੇਵਾਮੁਕਤੀ ਮਗਰੋਂ ਮਾਣ-ਸਨਮਾਨ ਵਾਲੀ ਬੱਝਵੀਂ ਪੈਨਸ਼ਨ ਮਿਲਣ ਦੀ ਥਾਂ ਉਨ੍ਹਾਂ ਦੀ ਸਾਲਾਂਬੱਧੀ ਕੀਤੀ ਕਿਰਤ ਅਤੇ ਬੱਚਤਾਂ ਦੀ ਆਰਥਿਕ ਤੇ ਸਮਾਜਿਕ ਲੁੱਟ ਕੀਤੀ ਜਾ ਰਹੀ ਹੈ।
ਇਸ ਮੌਕੇ ਸੂਬਾ ਪ੍ਰੈੱਸ ਸਕੱਤਰ ਸਤਪਾਲ ਸਮਾਣਵੀ ਅਤੇ ਮੁਲਾਜ਼ਮ ਆਗੂ ਗੁਰਮੁੱਖ ਲੋਕ ਪ੍ਰੇਮੀ ਨੇ ਆਖਿਆ ਕਿ ਐੱਨਪੀਐੱਸ ਸ਼ੇਅਰ ਮਾਰਕੀਟ ਦੇ ਬਾਜ਼ਾਰੂ ਜੋਖਮ ਨਾਲ ਭਰਪੂਰ ਸਕੀਮ ਹੈ। ਕਈ ਮੁਲਾਜ਼ਮਾਂ ਨੂੰ ਸਾਰੀ ਉਮਰ ਦੀ ਸੇਵਾ ਤੋਂ ਬਾਅਦ ਨਿਗੂਣੀ 2000-2500 ਰੁਪਏ ਪੈਨਸ਼ਨ ਬਣਦੀ ਹੈ। ਦੂਜੇ ਪਾਸੇ ਲੋਕ ਸਭਾ ਅਤੇ ਰਾਜ ਸਭਾ ਮੈਂਬਰਾਂ ਅਤੇ ਵਿਧਾਇਕਾਂ ਲਈ ਪੁਰਾਣੀ ਪੈਨਸ਼ਨ ਦਾ ਹੀ ਪ੍ਰਬੰਧ ਹੈ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਵਿੱਚ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਸਾਂਝੇ ਘੋਲ ਕੀਤੇ ਜਾਣਗੇ।