ਨਵੀਂ ਦਿੱਲੀ, 19 ਜੁਲਾਈ
ਸ੍ਰੀ ਰਾਹੁਲ ਗਾਂਧੀ ਤੇ ਕਾਂਗਰਸ ਸਮੇਤ ਕੁਝ ਹੋਰ ਸਹਿਯੋਗੀਆਂ ਨੇ ਅੱਜ ਸੰਸਦ ਭਵਨ ਕੰਪਲੈਕਸ ਵਿਚ ਮਹਿੰਗਾਈ ਅਤੇ ਕਈ ਜ਼ਰੂਰੀ ਖਾਣ-ਪੀਣ ਵਾਲੀਆਂ ਵਸਤੂਆਂ ਨੂੰ ਵਸਤੂ ਅਤੇ ਸੇਵਾ ਕਰ (ਜੀਐੱਸਟੀ) ਦੇ ਦਾਇਰੇ ਵਿਚ ਲਿਆਉਣ ਦੇ ਵਿਰੋਧ ਵਿਚ ਧਰਨਾ ਦਿੱਤਾ। ਇਨ੍ਹਾਂ ਸੰਸਦ ਮੈਂਬਰਾਂ ਨੇ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਧਰਨਾ ਦਿੱਤਾ। ਸ੍ਰੀ ਗਾਂਧੀ ਤੋਂ ਇਲਾਵਾ ਰਾਜ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ, ਲੋਕ ਸਭਾ ‘ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ, ਸਮਾਜਵਾਦੀ ਪਾਰਟੀ ਦੇ ਰਾਮ ਗੋਪਾਲ ਯਾਦਵ, ਰਾਸ਼ਟਰਵਾਦੀ ਕਾਂਗਰਸ ਪਾਰਟੀ ਦੀ ਸੁਪ੍ਰਿਆ ਸੁਲੇ, ਸ਼ਿਵ ਸੈਨਾ ਦੀ ਸੰਸਦ ਮੈਂਬਰ ਪ੍ਰਿਅੰਕਾ ਚਤੁਰਵੇਦੀ ਅਤੇ ਕਈ ਹੋਰ ਵਿਰੋਧੀ ਇਸ ਧਰਨੇ ਵਿੱਚ ਸ਼ਾਮਲ ਹੋਏ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ‘ਦੁੱਧ ਅਤੇ ਦਹੀਂ ‘ਤੇ ਜੀਐੱਸਟੀ ਵਾਪਸ ਲਓ’ ਦੇ ਨਾਅਰੇ ਵੀ ਲਗਾਏ।