ਸ੍ਰੀਨਗਰ, 17 ਅਕਤੂਬਰ
ਕਸ਼ਮੀਰੀ ਪੰਡਿਤ ਪੂਰਨ ਕ੍ਰਿਸ਼ਨ ਭੱਟ ਦੀ ਪਿਛਲੇ ਹਫ਼ਤੇ ਦਹਿਤਸ਼ਤਗਰਦਾਂ ਵੱਲੋਂ ਕੀਤੀ ਹੱਤਿਆ ਖ਼ਿਲਾਫ਼ ਸਮਾਜ ਸੇਵੀ ਕਾਰਕੁਨਾਂ ਸਣੇ ਕੁਝ ਲੋਕਾਂ ਨੇ ਅੱਜ ਹੁਰੀਅਤ ਕਾਨਫਰੰਸ ਦੇ ਦਫ਼ਤਰ ਅੱਗੇ ਰੋਸ ਮੁਜ਼ਾਹਰਾ ਕੀਤਾ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ।
ਅਧਿਕਾਰੀਆਂ ਮੁਤਾਬਕ ਮੁਜ਼ਾਹਰਾਕਾਰੀ ਇੱਥੇ ਰਾਜਬਾਗ਼ ਵਿੱਚ ਮੀਰਵਾਇਜ਼ ਉਮਰ ਫਾਰੂਕ ਦੀ ਅਗਵਾਈ ਵਾਲੀ ਹੁਰੀਅਤ ਕਾਨਫਰੰਸ ਦੇ ਦਫ਼ਤਰ ਅੱਗੇ ਇਕੱਠੇ ਹੋਏ ਅਤੇ ਰੋਸ ਮੁਜ਼ਾਹਰਾ ਕੀਤਾ। ਉਨ੍ਹਾਂ ਨੇ ਕਸ਼ਮੀਰ ਵਾਦੀ ਵਿੱਚ ਹੱਤਿਆ ਲਈ ਹੁਰੀਅਤ ਨੂੰ ਜ਼ਿੰਮੇਵਾਰ ਠਹਿਰਾਇਆ। ਅਧਿਕਾਰੀਆਂ ਨੇ ਦੱਸਿਆ ਕਿ ਮੁਜ਼ਾਹਰਾਕਾਰੀਆਂ ਨੇ ਹੁਰੀਅਤ ਦੇ ਕੇਂਦਰੀ ਭਵਨ ਦੇ ਮੁੱਖ ਦਰਵਾਜ਼ੇ ਉੱਤੇ ‘ਇੰਡੀਆ’ ਲਿਖਿਆ ਅਤੇ ਵੱਖਵਾਦੀ ਗੁੱਟ ਦੇ ਨਾਮ ਵਾਲਾ ਬੋਰਡ ਉਤਾਰ ਦਿੱਤਾ। ਮੁਜ਼ਾਹਰੇ ਸਮੇਂ ਦਫ਼ਤਰ ਦਾ ਦਰਵਾਜ਼ਾ ਬੰਦ ਸੀ। ਮੁਜ਼ਾਹਰਾਕਾਰੀਆਂ ਵਿੱਚ ਸਮਾਜਿਕ ਕਾਰਕੁਨ, ਨਗਰ ਨਿਗਮ ਦੇ ਕੌਂਸਲਰ ਅਤੇ ਕਸ਼ਮੀਰੀ ਪੰਡਿਤ ਸ਼ਾਮਲ ਸਨ। ਇੱਕ ਮੁਜ਼ਾਹਰਾਕਾਰੀ ਨੇ ਕਿਹਾ ਕਿ ਹੁਰੀਅਤ ਦਫ਼ਤਰ ਜਲਦੀ ਬੰਦ ਹੋਵੇਗਾ ਅਤੇ ਇਸ ਇਮਾਰਤ ਵਿਚ ਅਨਾਥ ਆਸ਼ਰਮ ਚਲਾਇਆ ਜਾਵੇਗਾ। ਇੱਕ ਕਸ਼ਮੀਰ ਪੰਡਿਤ ਨੇ ਕਿਹਾ ਕਿ ਕਸ਼ਮੀਰ ਦੇ ਲੋਕਾਂ ਨੇ ਇਹ ਮਹਿਸੂਸ ਕੀਤਾ ਹੈ ਕਿ ਉਨ੍ਹਾਂ ਨੂੰ ਅਮਨ ਚਾਹੀਦਾ ਹੈ, ਖੂਨ ਖਰਾਬਾ ਨਹੀਂ। -ਪੀਟੀਆਈ
ਇਨਸਾਫ਼ ਮਿਲਣ ਨਾਲ ਹੀ ਰੁਕਣਗੀਆਂ ਹੱਤਿਆਵਾਂ: ਅਬਦੁੱਲ੍ਹਾ
ਜੰਮੂੁ: ਨੈਸ਼ਨਲ ਕਾਨਫਰੈਂਸ (ਐੱਨਸੀ) ਦੇ ਪ੍ਰਧਾਨ ਫਾਰੂਕ ਅਬਦੁੱਲ੍ਹਾ ਨੇ ਜੰਮੂ ਕਸ਼ਮੀਰ ਵਿੱਚ ਧਾਰਾ 370 ਖਤਮ ਕੀਤੇ ਜਾਣ ਤੋਂ ਬਾਅਦ ਭਾਜਪਾ ਵੱਲੋਂ ਸਥਿਤੀ ਆਮ ਵਾਂਗ ਹੋਣ ਦੇ ਕੀਤੇ ਜਾ ਰਹੇ ਦਾਅਵਿਆਂ ਨੂੰ ਨਕਾਰਦਿਆਂ ਕਿਹਾ ਕਿ ਇਨਸਾਫ਼ ਮਿਲਣ ਤੱਕ ਹੱਤਿਆਵਾਂ ਨਹੀਂ ਰੁਕ ਸਕਦੀਆਂ। ਸ੍ਰੀਨਗਰ ਦੇ ਸੰਸਦ ਮੈਂਬਰ ਅਬਦੁੱਲ੍ਹਾ ਨੇ ਕਿਹਾ ਕਿ ਜੇ ਜ਼ਮੀਨੀ ਪੱਧਰ ’ਤੇ ਹਾਲਾਤ ਸੁਧਰੇ ਹੁੰਦੇ ਤਾਂ ਇੱਕ ਹੋਰ ਕਸ਼ਮੀਰੀ ਪੰਡਿਤ ਦੀ ਹੱਤਿਆ ਨਾ ਹੁੰਦੀ। ਸ਼ੋਪੀਆਂ ਵਿੱਚ ਅਤਿਵਾਦੀਆਂ ਵੱਲੋਂ ਇੱਕ ਕਸ਼ਮੀਰੀ ਪੰਡਿਤ ਦੀ ਹਾਲ ਹੀ ਵਿੱਚ ਕੀਤੀ ਗਈ ਹੱਤਿਆ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ, ‘‘ਜਦੋਂ ਤੱਕ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਇਹ (ਹੱਤਿਆਵਾਂ) ਨਹੀਂ ਰੁਕਣਗੀਆਂ।’’ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਬਦੁੱਲ੍ਹਾ ਨੇ ਕਿਹਾ, ‘‘ਉਹ ਰੌਲਾ ਪਾ ਰਹੇ ਸਨ ਕਿ ਇਹ (ਅਤਿਵਾਦ) ਧਾਰਾ 370 ਦਾ ਨਤੀਜਾ ਹੈ। ਅੱਜ ਧਾਰਾ 370 ਲਾਗੂ ਨਹੀਂ ਹੈ ਤਾਂ ਫਿਰ ਅਜਿਹੀਆਂ ਹੱਤਿਆਵਾਂ ਕਿਉਂ ਹੋ ਰਹੀਆਂ ਹਨ ਅਤੇ ਇਨ੍ਹਾਂ ਲਈ ਜ਼ਿੰਮੇਵਾਰ ਕੌਣ ਹੈ?’’ ਉਨ੍ਹਾਂ ਕਿਹਾ, ‘‘ਜੇ ਸਥਿਤੀ ਬਿਹਤਰ ਹੁੰਦੀ (ਜਿਵੇਂ ਕਿ ਭਾਜਪਾ ਨੇ ਦਾਅਵਾ ਕੀਤਾ ਹੈ), ਤਾਂ ਇਸ ਬੇਕਸੂਰ (ਕਸ਼ਮੀਰੀ) ਪੰਡਿਤ ਦੀ ਮੌਤ ਨਾ ਹੁੰਦੀ। ਕਿੱਥੇ ਹੈ ਬਿਹਤਰ ਸਥਿਤੀ? ਮੈਨੂੰ ਤਾਂ ਨਜ਼ਰ ਨਹੀਂ ਆ ਰਹੀ।’’ -ਪੀਟੀਆਈ
ਹੁਰੀਅਤ ਨੇ ਦਫ਼ਤਰ ਅੱਗੇ ਪ੍ਰਦਰਸ਼ਨ ਦੀ ਨਿਖੇਧੀ ਕੀਤੀ
ਹੁਰੀਅਤ ਕਾਨਫਰੰਸ ਦਫ਼ਤਰ ਅੱਗੇ ਪ੍ਰਦਰਸ਼ਨ ਦੀ ਨਿਖੇਧੀ ਕੀਤੀ ਹੈ। ਇੱਕ ਬਿਆਨ ਰਾਹੀਂ ਹੁਰੀਅਤ ਨੇ ਕਿਹਾ ‘‘ਪੁਲੀਸ ਦੀ ਹਾਜ਼ਰੀ ਵਿੱਚ ਭਾੜੇ ਦੇ ਗੁੰਡਿਆਂ’ ਵੱਲੋਂ ਦਫ਼ਤਰ ਅੱਗੇ ‘‘ਗੁੰਡਾਗਰਦੀ ਕਰਨਾ’ ਨਿੰਦਣਯੋਗ ਹੈ। ਵੱਖਵਾਦੀ ਗੁੱਟ ਨੇ ਕਿਹਾ, ‘‘ਇਹ ਪ੍ਰਸ਼ਾਸਨ ਦੀ ਕਸ਼ਮੀਰੀ ਪੰਡਿਤਾਂ ਦੀ ਰੱਖਿਆ ਵਿੱੱਚ ਨਾਕਾਮੀ ਤੋਂ ਧਿਆਨ ਭਟਕਾਉਣ ਦੀ ਹੋਛੀ ਕੋਸ਼ਿਸ਼ ਹੈ। ਇਹ ਸ਼ਰਮਨਾਕ ਹੈ ਕਿ ਹੁਰੀਅਤ ਜਿਸ ਦੇ ਆਗੂ ਜੇਲ੍ਹਾਂ ਵਿੱਚ ਹਨ ਜਾਂ ਘਰਾਂ ਵਿੱਚ ਨਜ਼ਰਬੰਦ ਹਨ, ਖ਼ਿਲਾਫ ਪ੍ਰਚਾਰ ਲਈ ਹੱਤਿਆਵਾਂ ਨੂੰ ਵਰਤਿਆ ਜਾ ਰਿਹਾ ਹੈ।’’