ਨਵੀਂ ਦਿੱਲੀ, 29 ਸਤੰਬਰ
ਸੜਕ ਆਵਾਜਾਈ ਅਤੇ ਰਾਜਮਾਰਗਾਂ ਬਾਰੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਸਰਕਾਰ ਨੇ ਕਾਰਾਂ ’ਚ ਛੇ ਏਅਰਬੈਗ ਲਾਜ਼ਮੀ ਕਰਨ ਦੀ ਤਜਵੀਜ਼ ਅਗਲੇ ਸਾਲ ਪਹਿਲੀ ਅਕਤੂਬਰ ਤੱਕ ਲਈ ਟਾਲ ਦਿੱਤੀ ਹੈ। ਇਸ ਤੋਂ ਪਹਿਲਾਂ ਸਰਕਾਰ ਨੇ ਮੁਸਾਫ਼ਰਾਂ ਦੀ ਸੁਰੱਖਿਆ ਲਈ ਅੱਠ ਸੀਟਾਂ ਵਾਲੇ ਵਾਹਨਾਂ ’ਚ ਛੇ ਏਅਰਬੈਗ ਆਉਂਦੀ ਪਹਿਲੀ ਅਕਤੂਬਰ ਤੋਂ ਲਾਜ਼ਮੀ ਕਰਨ ਦੀ ਯੋਜਨਾ ਬਣਾਈ ਸੀ। ਗਡਕਰੀ ਨੇ ਟਵੀਟ ਕਰਕੇ ਕਿਹਾ,‘‘ਆਟੋ ਇੰਡਸਟਰੀ ਨੂੰ ਆਲਮੀ ਸਪਲਾਈ ਚੇਨ ’ਚ ਆ ਰਹੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ ਪੈਸੰਜਰ ਕਾਰਾਂ ’ਚ ਘੱਟੋ ਘੱਟ ਛੇ ਏਅਰਬੈਗ ਲਾਜ਼ਮੀ ਕਰਨ ਦੀ ਤਜਵੀਜ਼ ਦਾ ਫ਼ੈਸਲਾ ਪਹਿਲੀ ਅਕਤੂਬਰ, 2023 ਤੋਂ ਲਾਗੂ ਹੋਵੇਗਾ।’’ ਮੰਤਰੀ ਨੇ ਕਿਹਾ ਕਿ ਮੋਟਰ ਵਾਹਨਾਂ ’ਚ ਸਫ਼ਰ ਕਰ ਰਹੇ ਲੋਕਾਂ ਦੀ ਸੁਰੱਖਿਆ ਨੂੰ ਤਰਜੀਹ ਦੇਣ ਦੀ ਕੋਸ਼ਿਸ਼ ਹੈ। ਇਸ ਸਾਲ ਦੇ ਸ਼ੁਰੂ ’ਚ ਸੜਕ ਆਵਾਜਾਈ ਅਤੇ ਰਾਜਮਾਰਗਾਂ ਬਾਰੇ ਮੰਤਰਾਲੇ ਨੇ ਬਿਆਨ ’ਚ ਕਿਹਾ ਸੀ ਕਿ ਕਾਰ ਸਵਾਰਾਂ ਦੀ ਸੁਰੱਖਿਆ ਲਈ ਸੈਂਟਰਲ ਮੋਟਰ ਵਹੀਕਲਜ਼ ਰੂਲਜ਼, 1989 ’ਚ ਸੋਧ ਕਰਕੇ ਸੁਰੱਖਿਆ ਦੇ ਕਦਮ ਵਧਾਏ ਗਏ ਸਨ। ਪਿਛਲੇ ਸਾਲ ਗਡਕਰੀ ਨੇ ਖ਼ਬਰ ਏਜੰਸੀ ਨਾਲ ਇੰਟਰਵਿਊ ਦੌਰਾਨ ਕਿਹਾ ਸੀ ਕਿ ਛੋਟੀਆਂ ਕਾਰਾਂ ’ਚ ਵੀ ਏਅਰਬੈਗਾਂ ਦੀ ਢੁੱਕਵੀਂ ਗਿਣਤੀ ਹੋਣੀ ਚਾਹੀਦੀ ਹੈ ਅਤੇ ਹੈਰਾਨੀ ਪ੍ਰਗਟਾਈ ਸੀ ਕਿ ਸਿਰਫ਼ ਵੱਡੀਆਂ ਕਾਰਾਂ ’ਚ ਹੀ ਆਟੋਮੇਕਰਾਂ ਵੱਲੋਂ ਅੱਠ ਏਅਰਬੈਗ ਕਿਉਂ ਪ੍ਰਦਾਨ ਕਰਵਾਏ ਜਾ ਰਹੇ ਹਨ। ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਅੰਕੜਿਆਂ ਮੁਤਾਬਕ 2021 ’ਚ ਸੜਕ ਹਾਦਸਿਆਂ ’ਚ 1.55 ਲੱਖ ਤੋਂ ਜ਼ਿਆਦਾ ਜਾਨਾਂ ਗਈਆਂ ਸਨ। -ਪੀਟੀਆਈ