ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਸਤੰਬਰ
ਦਿੱਲੀ ਪੁਲੀਸ ਨੇ ਨੈਸ਼ਨਲ ਕਾਨਫਰੰਸ ਦੇ ਨੇਤਾ ਤ੍ਰਿਲੋਚਨ ਸਿੰਘ ਵਜ਼ੀਰ ਦੇ ਕਤਲ ਦੇ ਮਾਮਲੇ ਵਿੱਚ 61 ਸਾਲਾ ਪ੍ਰਾਪਰਟੀ ਡੀਲਰ ਹਰਮੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਅਨੁਸਾਰ ਵਜ਼ੀਰ ਦੀ ਲਾਸ਼ ਪੱਛਮੀ ਦਿੱਲੀ ਦੇ ਮੋਤੀ ਨਗਰ ਇਲਾਕੇ ਦੇ ਇੱਕ ਫਲੈਟ ਵਿੱਚ ਗਲੀ-ਸੜੀ ਹਾਲਤ ਵਿੱਚ ਮਿਲੀ ਸੀ। ਹਰਮੀਤ, ਜੰਮੂ ਤੋਂ ਫੜਿਆ ਗਿਆ ਜੋ ਵਜ਼ੀਰ ਦੀ ਹੱਤਿਆ ਕਰਨ ਤੋਂ ਬਾਅਦ ਫ਼ਰਾਰ ਸੀ। ਫਲੈਟ ਉਸ ਦੇ 31 ਸਾਲਾ ਜਾਣਕਾਰ ਹਰਪ੍ਰੀਤ ਸਿੰਘ (ਵਸਨੀਕ ਅੰਮ੍ਰਿਤਸਰ) ਨੇ ਕਿਰਾਏ ’ਤੇ ਲਿਆ ਸੀ। 2 ਸਤੰਬਰ ਨੂੰ ਵਜ਼ੀਰ ਆਪਣੇ ਵੀਜ਼ੇ ਨਾਲ ਜੁੜੇ ਕੁਝ ਰਸਮੀ ਕੰਮਾਂ ਲਈ ਦਿੱਲੀ ਆਇਆ ਸੀ ਅਤੇ ਉਸ ਨੇ ਵਾਪਸ ਕੈਨੇਡਾ ਲਈ ਉਡਾਣ ਭਰਨੀ ਸੀ ਪਰ ਅਗਲੇ ਦਿਨ ਹਰਪ੍ਰੀਤ ਸਿੰਘ ਦੇ ਪ੍ਰਭਾਵ ਵਿੱਚ ਆ ਕੇ ਹਰਮੀਤ ਨੇ ਉਸ ਨੂੰ ਗੋਲੀ ਮਾਰ ਦਿੱਤੀ। ਪੁਲੀਸ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਕਤਲ ਦਾ ਕਥਿਤ ਮਾਸਟਰਮਾਈਂਡ ਹੈ ਜੋ ਅਜੇ ਫਰਾਰ ਹੈ।
ਡਿਪਟੀ ਕਮਿਸ਼ਨਰ ਆਫ ਪੁਲੀਸ (ਸਪੈਸ਼ਲ ਸੈੱਲ) ਸੰਜੀਵ ਕੁਮਾਰ ਯਾਦਵ ਨੇ ਕਿਹਾ, ‘ਸਾਡੀ ਟੀਮ 9 ਸਤੰਬਰ ਤੋਂ ਜੰਮੂ ਵਿੱਚ ਤਾਇਨਾਤ ਸੀ, ਐਤਵਾਰ ਨੂੰ ਸਾਨੂੰ ਸੂਚਨਾ ਮਿਲੀ ਕਿ ਹਰਮੀਤ ਜੰਮੂ ਸਰਹੱਦ ਨੇੜੇ ਕਿਸੇ ਨੂੰ ਮਿਲੇਗਾ ਕਿਉਂਕਿ ਉਹ ਇੱਕ ਨਵੇਂ ਸੁਰੱਖਿਅਤ ਟਿਕਾਣੇ ਦੀ ਭਾਲ ਕਰ ਰਿਹਾ ਸੀ। ਟੀਮ ਨੇ ਫਿਰ ਜਾਲ ਵਿਛਾਇਆ ਤੇ ਮੁਲਜ਼ਮ ਨੂੰ ਫੜ ਲਿਆ ਗਿਆ।’