ਜੈਪੁਰ, 12 ਜੁਲਾਈ
ਅਜਮੇਰ ਦਰਗਾਹ ਕਮੇਟੀ ਨੇ ਇਕ ਨੋਟਿਸ ਜਾਰੀ ਕਰਕੇ ਦਰਗਾਹ ਸ਼ਰੀਫ਼ ਤੋਂ ਕਿਸੇ ਤਰ੍ਹਾਂ ਦਾ ਬਿਆਨ, ਨਾਅਰਾ, ਫੋਟੋ ਤੇ ਵੀਡੀਓ ਨਸ਼ਰ ਕਰਨ ਦੀ ਪਾਬੰਦੀ ਲਾ ਦਿੱਤੀ ਹੈ। ਇਹ ਨੋਟਿਸ ਨਿਜ਼ਾਮ ਗੇਟ ’ਤੇ ਚਿਪਕਾ ਕੀਤਾ ਗਿਆ ਹੈ। ਨੋਟਿਸ ਮੁਤਾਬਕ ‘‘ਗ਼ਲਤ ਟਿੱਪਣੀਆਂ, ਨਾਅਰੇ ਤੇ ਬਿਆਨਬਾਜ਼ੀ ਨਾਲ ਦਰਗਾਹ ਦੇ ਮਾਣ-ਸਨਮਾਨ ਨੂੰ ਸੱਟ ਵੱਜਦੀ ਹੈ। ਦਰਗਾਹ ਤੋਂ ਵਿਵਾਦਿਤ ਟਿੱਪਣੀਆਂ ਕਰਨ ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।’’ ਦਰਗਾਹ ਕਮੇਟੀ ਨੇ ਇਹ ਨੋਟਿਸ ਅਜਿਹੇ ਸਮੇਂ ਜਾਰੀ ਕੀਤਾ ਹੈ ਜਦੋਂ ਮੌਲਵੀਆਂ ਵੱਲੋਂ ਦਿੱਤੇ ਭੜਕਾਊ ਬਿਆਨ/ਨਾਅਰੇ ਵਾਇਰਲ ਹੋ ਰਹੇ ਹਨ। ਅਜਮੇਰ ਵਿੱਚ ਚਿਸ਼ਤੀ ਫਾਊਂਡੇਸ਼ਨ ਦੇ ਚੇਅਰਮੈਨ ਤੇ ਗੱਦੀਨਸ਼ੀਨ-ਦਰਗਾਹ ਅਜਮੇਰ ਸ਼ਰੀਫ਼, ਹਾਜੀ ਸੱਯਦ ਸਲਮਾਨ ਚਿਸ਼ਤੀ ਨੇ ਹਾਲ ਹੀ ਵਿੱਚ ‘ਇਸਲਾਮ ਵਿਰੋਧੀ’ ਤੇ ‘ਮਾਨਵਤਾ ਵਿਰੋਧੀ’ ਨਾਅਰਿਆਂ ਨੂੰ ਭੰਡਿਆ ਸੀ। -ਆਈਏਐੱਨਐੱਸ