ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 10 ਜਨਵਰੀ
ਨਾਗਪੁਰ ਜੇਲ੍ਹ ਵਿੱਚ ਬੰਦ ਅਪਾਹਜ ਪ੍ਰੋਫ਼ੈਸਰ ਜੀ ਐੱਨ ਸਾਈ ਬਾਬਾ ਮੁੜ ਕਰੋਨਾ ਪੀੜਤ ਹੋ ਗਏ ਹਨ, ਜਿਸ ਕਾਰਨ ਉਨ੍ਹਾਂ ਦਾ ਪਰਿਵਾਰ ਚਿੰਤਤ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦੀ ਪਤਨੀ ਵਸੰਥਾ ਕੁਮਾਰੀ ਨੇ ਦੱਸਿਆ ਕਿ ਪਤੀ ਡਾ. ਸਾਈ ਬਾਬਾ ਦੇ ਜੇਲ੍ਹ ਵਿੱਚ ਦੂਜੀ ਵਾਰ ਕਰੋਨਾ ਤੋਂ ਪੀੜਤ ਹੋਣ ਦੀ ਜਾਣਕਾਰੀ ਮਿਲੀ ਹੈ ਪਰ ਜੇਲ੍ਹ ਪ੍ਰਸ਼ਾਸਨ ਨੇ ਪਰਿਾਵਰ ਨਾਲ ਕੋਈ ਸੰਪਰਕ ਨਹੀਂ ਕੀਤਾ ਹੈ। ਇਸ ਤੋਂ ਪਹਿਲਾਂ ਵੀ ਪਿੱਠ ਵਿੱਚ ਤੇਜ਼ ਦਰਦ ਕਾਰਨ ਉਹ ਕਈ ਰਾਤਾਂ ਸੌਂ ਨਹੀਂ ਸਕੇ ਅਤੇ ਕਮਜ਼ੋਰ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਦੋਂ ਉਹ ਪਹਿਲਾਂ ਕਰੋਨਾ ਨਾਲ ਪੀੜਤ ਹੋਏ ਸਨ ਤਾਂ ਉਦੋਂ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੋਏ ਸਨ। ‘ਉਹ ਪਹਿਲਾਂ ਹੀ ਅਪਾਹਜ ਹਨ ਅਤੇ ਜੇਲ੍ਹ ਦੌਰਾਨ ਕਈ ਬਿਮਾਰੀਆਂ ਨਾਲ ਪੀੜਤ ਹੋਣ ਤੋਂ ਇਲਾਵਾ ਦਿਲ ਦੇ ਰੋਗ ਤੋਂ ਵੀ ਪੀੜਤ ਹਨ।’ ਪਤਨੀ ਨੇ ਨਾਗਪੁਰ ਜੇਲ੍ਹ ਪ੍ਰਸ਼ਾਸਨ ਅਤੇ ਅਦਾਲਤ ਨੂੰ ਅਪੀਲ ਕੀਤੀ ਕਿ ਮੌਜੂਦਾ ਹਾਲਾਤ ਨੂੰ ਦੇਖਦਿਆਂ ਡਾ. ਸਾਈ ਬਾਬਾ ਨੂੰ ਤੁਰੰਤ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਜਾਵੇ।
ਜ਼ਿਕਰਯੋਗ ਹੈ ਕਿ ਸਾਈ ਬਾਬਾ ਨੂੰ ਮਈ 2014 ਵਿੱਚ ਮਾਓਵਾਦੀਆਂ ਨਾਲ ਸਬੰਧ ਰੱਖਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਉਸ ਵੇਲੇ ਵੀਲ੍ਹ ਚੇਅਰ ’ਤੇ ਸਨ। ਮਾਰਚ 2017 ਵਿੱਚ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਜਿਸ ਖ਼ਿਲਾਫ਼ ਉਨ੍ਹਾਂ ਅਪੀਲ ਦਾਇਰ ਕੀਤੀ ਹੋਈ ਹੈ।