ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 1 ਸਤੰਬਰ
ਸਰਬ ਭਾਰਤ ਪ੍ਰਗਤੀਸ਼ੀਲ ਲੇਖਕ ਸੰਘ ਦੇ ਕਾਰਜਕਾਰੀ ਪ੍ਰਧਾਨ ਪ੍ਰੋ. ਅਲੀ ਜਾਵੇਦ ਦੇ ਸਦੀਵੀ ਵਿਛੋੜੇ ’ਤੇ ਦੁੱਖ ਪ੍ਰਗਟ ਕਰਦਿਆਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਪ੍ਰੋ. ਅਲੀ ਜਾਵੇਦ ਦੇ ਸਦੀਵੀ ਵਿਛੋੜੇ ਨਾਲ ਸਮੁੱਚੀ ਪ੍ਰਗਤੀਸ਼ੀਲ ਲੇਖਕ ਲਹਿਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਪ੍ਰੋ. ਜਾਵੇਦ ਦੇ ਪਰਿਵਾਰ ਅਤੇ ਸਨੇਹੀਆਂ ਦੇ ਦੁੱਖ ਵਿੱਚ ਸ਼ਾਮਲ ਹੁੰਦੀ ਹੈ ਅਤੇ ਆਪਣੀ ਸੰਵੇਦਨਾ ਪ੍ਰਗਟ ਕਰਦੀ ਹੈ। ਉਨ੍ਹਾਂ ਦੱਸਿਆ ਕਿ ਉਰਦੂ ਤੇ ਹਿੰਦੀ ਭਾਸ਼ਾਵਾਂ ਵਿੱਚ ਨਿਰੰਤਰ ਲਿਖਣ ਵਾਲੇ ਪ੍ਰੋ. ਅਲੀ ਜਾਵੇਦ ਦਾ ਜਨਮ ਪ੍ਰਯਾਗਰਾਜ ਨੇੜਲੇ ਪਿੰਡ ‘ਕਰਾਰੀ’ ਵਿੱਚ ਹੋਇਆ। ਉਨ੍ਹਾਂ ਨੇ ਉਰਦੂ ਆਲੋਚਨਾ ਸਾਹਿਤ ਨੂੰ ਪੰਜ ਪੁਸਤਕਾਂ ਨਾਲ ਅਮੀਰ ਬਣਾਇਆ। ਉਨ੍ਹਾਂ ਦੀਆਂ ਪੁਸਤਕਾਂ ਵਿੱਚ ‘ਬਰਤਾਨਵੀ ਮੁਸਤਸ਼ਕਚੀਨ ਔਰ ਤਾਰੀਖ਼-ਇ-ਅਦਬ-ਇ ਉਰਦੂ’ (1992), ‘ਕਲਾਸਕੀਅਤ ਔਰ ਰੂਮਾਨਵੀਅਤ’ (1999), ‘ਜਾਫ਼ਰ ਜੱਟਲੀ ਕੀ ਏਹਤਜਾਜੀ ਸ਼ਾਇਰੀ’ (2000), ‘ਏਫ਼ਹਾਮ-ਓ-ਤਫ਼ਹੀਮ’ (2000) ਅਤੇ ‘ਉਰਦੂ ਕਾ ਦਾਸਤਾਨਵੀ ਅਦਬ’ ਸ਼ਾਮਲ ਹਨ। ਉਰਦੂ ਅਤੇ ਹਿੰਦੀ ਵਿੱਚ ਛਪਣ ਵਾਲੇ ਉਨ੍ਹਾਂ ਦੇ ਖੋਜ-ਨਬਿੰਧ ਸੌ ਤੋਂ ਵੱਧ ਹਨ। ਉਹ ਹਿੰਦ-ਪਾਕਿ (ਬਰ੍ਹੇਸਗੀਰ) ਦੀਆਂ ਕਈ ਯੂਨੀਵਰਸਿਟੀਆਂ ਦੇ ਉਰਦੂ ਵਿਭਾਗਾਂ ਦੇ ਖੋਜ ਕਾਰਜ ਨਾਲ ਜੁੜੇ ਹੋਏ ਸਨ। ਪ੍ਰੋ. ਅਲੀ ਜਾਵੇਦ ਉਰਦੂ ਤੇ ਹਿੰਦੀ ਭਾਸ਼ਾਵਾਂ ਦਾ ਪ੍ਰਤਬਿੱਧ ਲੇਖਕ (ਕਵੀ), ਆਲੋਚਕ ਅਤੇ ਉੱਘਾ ਮਾਰਕਸਵਾਦੀ ਚਿੰਤਕ ਸੀ। ਉਸ ਨੇ ਭਾਰਤ ਦੀ ਸੱਤਾਧਾਰੀ ਸਿਆਸਤ ਦੀਆਂ ਕਾਰਪੋਰੇਟ ਪੱਖੀ ਆਰਥਿਕ ਨੀਤੀਆਂ ਅਤੇ ਮੌਜੂਦਾ ਭਾਰਤੀ ਜਨਤਾ ਪਰਟੀ ਦੀ ਅਗਵਾਈ ਵਾਲੀ ਸਰਕਾਰ ਦੀਆਂ ਫ਼ਿਰਕੂ ਤੇ ਫ਼ਾਸ਼ੀਵਾਦੀ ਨੀਤੀਆਂ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ। ਉਹ ਸਰਬ ਭਾਰਤ ਯੂਨੀਵਰਸਿਟੀ ਉਰਦੂ ਟੀਚਰਜ਼ ਜਥੇਬੰਦੀ ਦੇ 2008 ਵਿੱਚ ਪ੍ਰਧਾਨ ਬਣੇ, ਨੈਸ਼ਨਲ ਕੌਂਸਲ ਫ਼ਾਰ ਪ੍ਰਮੋਸ਼ਨ ਆਫ਼ ਉਰਦੂ ਲੈਂਗੂਏਜ਼ (ਮਨੁੱਖੀ ਸਰੋਤ ਮੰਤਰਾਲਾ) ਦੇ 2007-08 ਵਿੱਚ ਡਾਇਰੈਕਟਰ ਰਹੇ।