ਨਵੀਂ ਦਿੱਲੀ: ਦਿੱਲੀ ਯੂਨੀਵਰਸਿਟੀ ਦੇ ਰਾਮ ਲਾਲ ਆਨੰਦ ਕਾਲਜ (ਆਰਐਲਏ ਕਾਲਜ) ਨੇ ਸਹਾਇਕ ਪ੍ਰੋਫੈਸਰ ਜੀ.ਐਨ. ਸਾਈਬਾਬਾ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਹਨ। ਸਾਈਬਾਬਾ ਮਾਓਵਾਦੀਆਂ ਨਾਲ ਤਾਲਮੇਲ ਰੱਖਣ ਦੇ ਦੋਸ਼ ਹੇਠ ਇਸ ਵੇਲੇ ਨਾਗਪੁਰ ਦੀ ਕੇਂਦਰੀ ਜੇਲ੍ਹ ਵਿਚ ਕੈਦ ਹਨ ਤੇ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਹਨ। ਸਾਈਬਾਬਾ ਦੀ ਪਤਨੀ ਵਸੰਤਾ ਨੂੰ ਵੀਰਵਾਰ ਇਕ ਮੈਮੋਰੰਡਮ ਮਿਲਿਆ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਉਨ੍ਹਾਂ ਦੀਆਂ ਸੇਵਾਵਾਂ 31 ਮਾਰਚ ਸ਼ਾਮ ਤੁਰੰਤ ਪ੍ਰਭਾਵ ਨਾਲ ਖ਼ਤਮ ਕਰ ਦਿੱਤੀਆਂ ਗਈਆਂ ਹਨ। ਸਾਈਬਾਬਾ ਜੋ ਕਿ ਅੰਗਰੇਜ਼ੀ ਦੇ ਪ੍ਰੋਫੈਸਰ ਹਨ, ਨੂੰ ਉਨ੍ਹਾਂ ਦੀ 2014 ਵਿਚ ਮਹਾਰਾਸ਼ਟਰ ਪੁਲੀਸ ਵੱਲੋਂ ਗ੍ਰਿਫ਼ਤਾਰੀ ਤੋਂ ਬਾਅਦ ਕਾਲਜ ’ਚੋਂ ਮੁਅੱਤਲ ਕਰ ਦਿੱਤਾ ਗਿਆ ਸੀ। ਸਾਈਬਾਬਾ ਦੀ ਪਤਨੀ ਨੇ ਦੋਸ਼ ਲਾਇਆ ਕਿ ਇਹ ‘ਕਰਮਚਾਰੀ ਦੇ ਹੱਕਾਂ ਦੀ ਉਲੰਘਣਾ ਹੈ’ ਤੇ ਉਹ ਅਦਾਲਤ ਜਾਵੇਗੀ। ਉਨ੍ਹਾਂ ਕਿਹਾ ਕਿ ਸਾਈਬਾਬਾ ਦੀ ਸਜ਼ਾ ਖ਼ਿਲਾਫ਼ ਅਪੀਲ ਬੰਬੇ ਹਾਈ ਕੋਰਟ ਵਿਚ ਬਕਾਇਆ ਹੈ, ਅਜਿਹਾ ਫ਼ੈਸਲਾ ਕਿਵੇਂ ਲਿਆ ਜਾ ਸਕਦਾ ਹੈ? ਪਤਨੀ ਨੇ ਕਿਹਾ ਕਿ ਐੱਸਏਆਰ ਗਿਲਾਨੀ (ਜਿਨ੍ਹਾਂ ਨੂੰ ਸੰਸਦ ਉਤੇ ਹੋਏ ਹਮਲੇ ਦੇ ਕੇਸ ਵਿਚ ਦੋਸ਼ੀ ਠਹਿਰਾਇਆ ਗਿਆ ਸੀ) ਅਜਿਹੇ ਕੇਸਾਂ ਦੀ ਇਕ ਉਦਾਹਰਨ ਹਨ। -ਪੀਟੀਆਈ