ਸ਼ਿਮਲਾ, 31 ਜਨਵਰੀ
ਸੋਲਨ ਅਧਾਰਿਤ ਪ੍ਰਾਈਵੇਟ ਯੂਨੀਵਰਸਿਟੀ ’ਚ ਹੋਏ ਜਾਅਲੀ ਡਿਗਰੀ ਘੁਟਾਲੇ ਦੇ ਤਿੰਨ ਮੁਲਜ਼ਮਾਂ ਦੀ ਆਸਟਰੇਲੀਆ ਤੋਂ ਹਵਾਲਗੀ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਹਿਮਾਚਲ ਦੇ ਡੀਜੀਪੀ ਸੰਜੈ ਕੁੰਡੂ ਨੇ ਦੱਸਿਆ ਕਿ ਕਰਨਾਲ ਦੇ ਰਹਿਣ ਵਾਲੇ ਰਾਜ ਕੁਮਾਰ ਰਾਣਾ ਜੋ ਕਿ ਮਾਨਵ ਭਾਰਤੀ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਹਨ, ਘੁਟਾਲੇ ਦੇ ਮੁੱਖ ਮੁਲਜ਼ਮ ਹਨ। ਇਹੀ ਟਰੱਸਟ ਮਾਨਵ ਭਾਰਤੀ ਯੂਨੀਵਰਸਿਟੀ ਚਲਾ ਰਿਹਾ ਹੈ। ਰਾਣਾ ਦੀ ਪਤਨੀ, ਧੀ ਤੇ ਪੁੱਤਰ ਦਾ ਨਾਂ ਵੀ ਕੇਸ ਵਿਚ ਮੁਲਜ਼ਮਾਂ ਵਜੋਂ ਦਰਜ ਕੀਤਾ ਗਿਆ ਹੈ। ਡੀਜੀਪੀ ਨੇ ਕਿਹਾ ਕਿ ਇਹ ਤਿੰਨੋਂ ਆਸਟਰੇਲੀਆ ਵਿਚ ਹਨ। ਇਨ੍ਹਾਂ ਨੂੰ ਭਾਰਤ ਵਾਪਸ ਲਿਆਉਣ ਦੀ ਪ੍ਰਕਿਰਿਆ ਆਰੰਭ ਦਿੱਤੀ ਗਈ ਹੈ। ਰਾਣਾ ਦੀ ਕੇਸ ਵਿਚ ਗ੍ਰਿਫ਼ਤਾਰੀ ਤੋਂ ਬਾਅਦ ਉਸ ਦਾ ਪਾਸਪੋਰਟ ਰੱਦ ਕਰ ਦਿੱਤਾ ਗਿਆ ਸੀ। ਜਾਅਲੀ ਡਿਗਰੀ ਘੁਟਾਲੇ ਵਿਚ ਹੁਣ ਤੱਕ 275 ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ। -ਪੀਟੀਆਈ