ਨਵੀਂ ਦਿੱਲੀ, 5 ਅਕਤੂਬਰ
ਕੇਂਦਰ ਨੇ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ ਭਗੌੜੇ ਕਾਰੋਬਾਰੀ ਵਿਜੈ ਮਾਲਿਆ ਨੂੰ ਭਾਰਤ ਲਿਆਉਣ ਲਈ ‘ਗੁਪਤ’ ਹਵਾਲਗੀ ਦੀ ਪ੍ਰਕਿਰਿਆ ਚੱਲ ਰਹੀ ਹੈ ਪਰ ਉਸ ਨੂੰ ਇਸ ਦੀ ਸਥਿਤੀ ਬਾਰੇ ਜਾਣਕਾਰੀ ਨਹੀਂ ਹੈ। ਕੇਂਦਰ ਨੇ ਸੁਪਰੀਮ ਕੋਰਟ ਨੂੰ ਇਹ ਜਾਣਕਾਰੀ ਵੀ ਦਿੱਤੀ ਕਿ ਉਹ ਇਸ ਕਾਰਵਾਈ ’ਚ ਧਿਰ ਨਹੀਂ ਹੈ। ਜਸਟਿਸ ਉਦੈ ਯੂ ਲਲਿਤ ਤੇ ਜਸਟਿਸ ਅਸ਼ੋਕ ਭੂਸ਼ਨ ਦੇ ਬੈਂਚ ਨੇ ਮਾਲਿਆ ਦੇ ਵਕੀਲ ਤੋਂ ਪੁੱਛਿਆ ਕਿ ਊਸ ਦੀ ਹਵਾਲਗੀ ਲਈ ਇਹ ਕਿਸ ਤਰ੍ਹਾਂ ਦੀ ਗੁਪਤ ਕਾਰਵਾਈ ਚੱਲ ਰਹੀ ਹੈ। ਇਸ ’ਤੇ ਮਾਲਿਆ ਦੇ ਵਕੀਲ ਅੰਕੁਰ ਸਹਿਗਲ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਨੂੰ ਇਹ ਜਾਣਕਾਰੀ ਨਹੀਂ ਹੈ ਕਿ ਕਿਸ ਤਰ੍ਹਾਂ ਦੀ ਕਾਰਵਾਈ ਚੱਲ ਰਹੀ ਹੈ। ਉਨ੍ਹਾਂ ਕਿਹਾ, ‘ਮੈਨੂੰ ਇੰਨੀ ਹੀ ਜਾਣਕਾਰੀ ਹੈ ਕਿ ਹਵਾਲਗੀ ਦੀ ਕਾਰਵਾਈ ਖ਼ਿਲਾਫ਼ ਮੇਰੀ ਅਪੀਲ ਸਵੀਕਾਰ ਨਹੀਂ ਕੀਤੀ ਗਈ ਹੈ।’ ਕੇਂਦਰ ਦੇ ਵਕੀਲ ਰਜਤ ਨਾਇਰ ਨੇ ਦੱਸਿਆ ਕਿ ਅਦਾਲਤ ਦੇ ਹੁਕਮਾਂ ਅਨੁਸਾਰ ਹੀ ਹਵਾਲਗੀ ਲਈ ਅਪੀਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੋਈ ਗੁਪਤ ਹਵਾਲਗੀ ਦੀ ਕਾਰਵਾਈ ਚੱਲ ਰਹੀ ਹੈ ਜਿਸ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ। -ਪੀਟੀਆਈ