ਲਖਨਊ: ਕਾਂਗਰਸ ਦੀ ਕੌਮੀ ਜਨਰਲ ਸਕੱਤਰ ਅਤੇ ਉਤਰ ਪ੍ਰਦੇਸ਼ ਤੋਂ ਪਾਰਟੀ ਇੰਚਾਰਜ ਪ੍ਰਿਯੰਕਾ ਗਾਂਧੀ ਵਾਡਰਾ ਵੱਲੋਂ ਛੱਤੀਸਗੜ੍ਹ ਸਰਕਾਰ ਰਾਹੀਂ ਭੇਜਿਆ ਗਿਆ ਆਕਸੀਜਨ ਟੈਂਕਰ ਅੱਜ ਲਖਨਊ ਸਥਿਤ ਮੇਦਾਂਤਾ ਹਸਪਤਾਲ ਪਹੁੰਚਿਆ। ਉਤਰ ਪ੍ਰਦੇਸ਼ ਕਾਂਗਰਸ ਦੇ ਕੋਆਰਡੀਨੇਟਰ (ਸੰਗਠਨ) ਲਲਨ ਕੁਮਾਰ ਨੇ ਦੱਸਿਆ ਕਿ ਪਾਰਟੀ ਨੇ ਲਖਨਊ ਦੇ ਵੱਖ-ਵੱਖ ਹਸਪਤਾਲਾਂ ਵਿੱਚ ਸੰਪਰਕ ਕਰਕੇ ਪੁੱਛਿਆ ਸੀ ਕਿ ਉਨ੍ਹਾਂ ਨੂੰ ਆਕਸੀਜਨ ਦੀ ਲੋੜ ਤਾਂ ਨਹੀਂ ਹੈ, ਜਿਸ ਮਗਰੋਂ ਪ੍ਰਿਯੰਕਾ ਨੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੂੰ ਆਖ ਕੇ ਆਕਸੀਜਨ ਦਾ ਇੱਕ ਟੈਂਕਰ ਲਖਨਊ ਦੇ ਮੇਦਾਂਤਾ ਹਸਪਤਾਲ ਲਈ ਭਿਜਵਾਇਆ ਹੈ। ਇਸ ਸਬੰਧੀ ਮੇਦਾਂਤਾ ਲਖਨਊ ਦੇ ਡਾਇਰੈਕਟਰ ਡਾ. ਰਾਕੇਸ਼ ਕਪੂਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਦਾ ਫੋਨ ਬੰਦ ਰਿਹਾ। – ਪੀਟੀਆਈ