ਲਖਨਊ, 2 ਜੂਨ
ਉੱਤਰ ਪ੍ਰਦੇਸ਼ ਵਿੱਚ ਪਾਰਟੀ ਨੂੰ ਮੁੜ ਪੈਰਾਂ ਸਿਰ ਕਰਨ ਲਈ ਰਣਨੀਤੀ ਘੜਨ ਦੇ ਇਰਾਦੇ ਨਾਲ ਸੱਦੀ ਦੋ ਰੋਜ਼ਾ ‘ਨਵ ਸੰਕਲਪ ਕਾਰਜਸ਼ਾਲਾ’ ਤਹਿਤ ਸੂਬੇ ਵਿੱਚ ਮੌਜੂਦ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਬੁੱਧਵਾਰ ਦੇਰ ਰਾਤ ਆਪਣੀ ਫੇਰੀ ਵਿਚਾਲੇ ਛੱਡ ਕੇ ਦਿੱਲੀ ਪਰਤ ਗਏ। ਪਾਰਟੀ ਆਗੂ ਨੇ ਕਿਹਾ ਕਿ ਪ੍ਰਿਯੰਕਾ ਨੇ ਦਿੱਲੀ ਛੇਤੀ ਮੁੜਨ ਬਾਰੇ ਕੋਈ ਕਾਰਨ ਨਹੀਂ ਦੱਸਿਆ। ਸਟੇਟ ਕਾਂਗਰਸ ਮੀਡੀਆ ਦੇ ਉਪ ਚੇਅਰਮੈਨ ਪੰਕਜ ਸ੍ਰੀਵਾਸਤਵਾ ਨੇ ਖ਼ਬਰ ਏਜੰਸੀ ਨੂੰ ਦੱਸਿਆ, ‘‘ਹਾਂ ਉਹ ਵਾਪਸ ਦਿੱਲੀ ਲਈ ਨਿਕਲ ਗਏ ਹਨ।’’ ਪ੍ਰਿਯੰਕਾ ਗਾਂਧੀ ਵਰਕਸ਼ਾਪ ਵਿੱਚ ਸ਼ਾਮਲ ਹੋਣ ਲਈ ਬੁੱਧਵਾਰ ਨੂੰ ਇਥੇ ਪੁੱਜੇ ਸਨ। ਸਥਾਨਕ ਪਾਰਟੀ ਆਗੂਆਂ ਨੇ ਕਿਹਾ ਕਿ ਪ੍ਰਿਯੰਕਾ ਗਾਂਧੀ ਨੇ ਅੱਜ ਦੂਜੇ ਦਿਨ ਵੀ ਵਰਕਸ਼ਾਪ ਵਿੱਚ ਹਾਜ਼ਰੀ ਭਰਨੀ ਸੀ, ਪਰ ਉਹ ਬੁੱਧਵਾਰ ਰਾਤ ਨੂੰ ਦਿੱਲੀ ਲਈ ਨਿਕਲ ਗਏ।’’ ਵਰਕਸ਼ਾਪ ਅੱਜ ਵੀ ਜਾਰੀ ਰਹਿਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਸ੍ਰੀਵਾਸਤਵਾ ਨੇ ਕਿਹਾ, ‘‘ਹਾਂ, ਸਾਡੇ ਰਾਸ਼ਟਰੀ ਸਕੱਤਰ ਇਥੇ ਮੌਜੂਦ ਹਨ ਤੇ ਇਹ ਜਾਰੀ ਰਹੇਗੀ। ਪ੍ਰਿਯੰਕਾ ਜੀ ਦੇ ਪ੍ਰੋਗਰਾਮ ਤੋਂ ਛੁੱਟ ਹੋਰ ਕੁਝ ਨਹੀਂ ਬਦਲਿਆ।’’ ਫਰਵਰੀ-ਮਾਰਚ ਵਿੱਚ ਯੂਪੀ ਚੋਣਾਂ ਦੌਰਾਨ ਕਾਂਗਰਸ ਦੀ ਚੋਣ ਮੁਹਿੰਮ ਦੀ ਮੂਹਰੇ ਹੋ ਕੇ ਅਗਵਾਈ ਕਰਨ ਵਾਲੀ ਪ੍ਰਿਯੰਕਾ ਨੇ ਉਦੋਂ ਸੂਬੇ ਵਿੱਚ ‘ਲੜਕੀ ਹੂੰ, ਲੜ ਸਕਤੀ ਹੂੰ’ ਦਾ ਸਲੋਗਨ ਦਿੱਤਾ ਸੀ। ਇੰਨੇ ਸਰਗਰਮ ਚੋਣ ਪ੍ਰਚਾਰ ਦੇ ਬਾਵਜੂਦ ਕਾਂਗਰਸ 403 ਮੈਂਬਰੀ ਯੂਪੀ ਅਸੈਂਬਲੀ ਵਿੱਚ ਮਹਿਜ਼ ਦੋ ਸੀਟਾਂ ਜਿੱਤਣ ਵਿੱਚ ਸਫ਼ਲ ਰਹੀ ਸੀ। ਦੋ ਰੋਜ਼ਾ ਵਰਕਸ਼ਾਪ ਕਾਂਗਰਸ ਦੇ ਸੂਬਾਈ ਹੈੱਡਕੁਆਰਟਰ ’ਤੇ ਰੱਖੀ ਗਈ ਸੀ। -ਪੀਟੀਆਈ