ਨਵੀਂ ਦਿੱਲੀ: ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਪਤੀ ਰੌਬਰਟ ਵਾਡਰਾ ਦੀ ਕਰੋਨਾਵਾਇਰਸ ਟੈਸਟ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਅੱਜ ਆਪਣੇ ਆਪ ਨੂੰ ਇਕਾਂਤਵਾਸ ਕਰ ਲਿਆ ਹੈ। ਇਕ ਵੀਡੀਓ ਸੁਨੇਹੇ ਵਿੱਚ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਕਰੋਨਾਵਾਇਰਸ ਦੇ ਸੰਪਰਕ ਵਿੱਚ ਆਉਣ ਕਾਰਨ ਉਨ੍ਹਾਂ ਨੇ ਆਪਣੇ ਆਪ ਨੂੰ ਇਕਾਂਤਵਾਸ ਕਰ ਲਿਆ ਹੈ। ਉਨ੍ਹਾਂ ਅੱਜ ਅਸਾਮ, ਸ਼ਨਿਚਰਵਾਰ ਨੂੰ ਤਾਮਿਲਨਾਡੂ ਅਤੇ ਐਤਵਾਰ ਨੂੰ ਕੇਰਲ ਵਿੱਚ ਕੀਤੀ ਜਾਣ ਵਾਲੀ ਚੋਣ ਮੁਹਿੰਮ ਰੱਦ ਕਰਨ ਦਾ ਐਲਾਨ ਵੀ ਕੀਤਾ ਹੈ। ਪ੍ਰਿਯੰਕਾ ਗਾਂਧੀ ਵੱਲੋਂ ਕਾਂਗਰਸ ਪਾਰਟੀ ਅਤੇ ਪਾਰਟੀ ਦੇ ਉਮੀਦਵਾਰਾਂ ਲਈ ਅਸਾਮ, ਤਾਮਿਲਨਾਡੂ ਤੇ ਕੇਰਲ ਵਿੱਚ ਚੋਣ ਪ੍ਰਚਾਰ ਕੀਤਾ ਜਾਂਦਾ ਰਿਹਾ ਹੈ, ਹਾਲਾਂਕਿ ਉਨ੍ਹਾਂ ਨੇ ਪੱਛਮੀ ਬੰਗਾਲ ਵਿੱਚ ਪ੍ਰਚਾਰ ਨਹੀਂ ਕੀਤਾ ਹੈ।
ਉਨ੍ਹਾਂ ਇਕ ਵੀਡੀਓ ਸੁਨੇਹੇ ਵਿੱਚ ਕਿਹਾ, ‘‘ਉਹ ਕਰੋਨਾਵਾਇਰਸ ਦੇ ਸੰਪਰਕ ਵਿੱਚ ਆ ਗਈ ਸੀ। ਹਾਲਾਂਕਿ ਕੱਲ੍ਹ ਹੋਏ ਉਨ੍ਹਾਂ ਦੇ ਟੈਸਟ ਦੀ ਰਿਪੋਰਟ ਨੈਗੇਟਿਵ ਆਈ ਹੈ, ਪਰ ਡਾਕਟਰਾਂ ਨੇ ਉਨ੍ਹਾਂ ਨੂੰ ਕੁਝ ਦਿਨ ਲਈ ਖ਼ੁਦ ਨੂੰ ਇਕਾਂਤਵਾਸ ਕਰਨ ਦੀ ਸਲਾਹ ਦਿੱਤੀ ਹੈ। ਬਦਕਿਸਮਤੀ ਨਾਲ ਮੈਨੂੰ ਅੱਜ ਦਾ ਅਸਾਮ ਵਿੱਚ ਮਿੱਥਿਆ ਚੋਣ ਪ੍ਰਚਾਰ ਦਾ ਪ੍ਰੋਗਰਾਮ ਰੱਦ ਕਰਨਾ ਪਵੇਗਾ। ਇਸ ਤੋਂ ਇਲਾਵਾ ਭਲਕ ਦਾ ਤਾਮਿਲਨਾਡੂ ਤੇ ਉਸ ਤੋਂ ਅਗਲੇ ਦਿਨ ਦਾ ਕੇਰਲ ਦਾ ਪ੍ਰਚਾਰ ਪ੍ਰੋਗਰਾਮ ਵੀ ਰੱਦ ਕਰਨਾ ਪੈਣਾ ਹੈ।’’
ਕਾਂਗਰਸੀ ਆਗੂ ਨੇ ਕਿਹਾ, ‘‘ਮੈਂ ਉੱਥੇ ਨਾ ਪਹੁੰਚਣ ਲਈ ਸਾਰਿਆਂ ਤੋਂ ਮੁਆਫ਼ੀ ਮੰਗਣਾ ਚਾਹੁੰਦੀ ਹਾਂ। ਮੈਂ ਸਾਰੇ ਉਮੀਦਵਾਰਾਂ ਨੂੰ ਸ਼ੁਭ ਕਾਮਨਾਵਾਂ ਦਿੰਦੀ ਹਾਂ। ਮੈਂ ਆਸ ਕਰਦੀ ਹਾਂ ਕਿ ਤੁਸੀਂ ਵਧੀਆ ਕਰੋਗੇ ਅਤੇ ਕਾਂਗਰਸ ਜਿੱਤੇਗੀ।’’
ਇਸੇ ਦੌਰਾਨ ਇਕ ਵੱਖਰੀ ਫੇਸਬੁੱਕ ਪੋਸਟ ਵਿੱਚ ਰੌਬਰਟ ਵਾਡਰਾ ਨੇ ਕਿਹਾ ਕਿ ਕਿਸੇ ਕਰੋਨਾ ਪਾਜ਼ੇਟਿਵ ਮਰੀਜ਼ ਦੇ ਸੰਪਰਕ ਵਿੱਚ ਆਉਣ ਕਾਰਨ ਉਹ ਵੀ ਕੋਵਿਡ ਪਾਜ਼ੇਟਿਵ ਹੋ ਗਏ ਹਨ। ਉਨ੍ਹਾਂ ਪੋਸਟ ਵਿੱਖ ਲਿਖਿਆ, ‘‘ਨਮਸਕਾਰ ਦੋਸਤੋ, ਬਦਕਿਸਮਤੀ ਨਾਲ ਕਿਸੇ ਕਰੋਨਾ ਪਾਜ਼ੇਟਿਵ ਮਰੀਜ਼ ਦੇ ਸੰਪਰਕ ਵਿੱਚ ਆਉਣ ਕਾਰਨ ਮੈਂ ਵੀ ਕਰੋਨਾ ਪਾਜ਼ੇਟਿਵ ਹੋ ਗਿਆ ਹਾਂ ਹਾਲਾਂਕਿ ਮੇਰੇ ਵਿੱਚ ਅਜੇ ਤੱਕ ਕੋਈ ਲੱਛਣ ਨਹੀਂ ਹਨ। ਕਰੋਨਾ ਸਬੰਧੀ ਹਦਾਇਤਾਂ ਮੁਤਾਬਕ ਪ੍ਰਿਯੰਕਾ ਤੇ ਮੈਂ ਇਕਾਂਤਵਾਸ ਹੋ ਗਏ ਹਾਂ, ਹਾਲਾਂਕਿ ਪ੍ਰਿਯੰਕਾ ਦੀ ਟੈਸਟ ਰਿਪੋਰਟ ਨੈਗੇਟਿਵ ਆਈ ਹੈ।’’ ਉਨ੍ਹਾਂ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ, ‘‘ਖੁਸ਼ਕਿਸਮਤੀ ਨਾਲ ਇਨ੍ਹਾਂ ਦਿਨਾਂ ਵਿੱਚ ਬੱਚੇ ਸਾਡੇ ਕੋਲ ਨਹੀਂ ਹਨ ਅਤੇ ਘਰ ਦੇ ਬਾਕੀ ਸਾਰੇ ਮੈਂਬਰਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਆਸ ਕਰਦੇ ਹਾਂ ਕਿ ਜਲਦੀ ਹੀ ਅਸੀਂ ਆਮ ਜ਼ਿੰਦਗੀ ਵਿੱਚ ਪਰਤਾਂਗੇ।’’ -ਪੀਟੀਆਈ